
ਟਰੰਪ ਰੋਕ ਸਕਦੇ ਹਨ ਯੂਕਰੇਨ ਨੂੰ ਦਿਤੀ ਜਾਣ ਵਾਲੀ ਸਾਰੀ ਫ਼ੌਜੀ ਸਹਾਇਤਾ
ਵਾਸ਼ਿੰਗਟਨ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸ਼ੁੱਕਰਵਾਰ ਨੂੰ ਇਕ ਗਰਮਾ-ਗਰਮ ਬਹਿਸ ਦੇਖਣ ਨੂੰ ਮਿਲੀ। ਹੁਣ ਅਮਰੀਕਾ ਇਸ ਬਹਿਸ ਤੋਂ ਨਾਰਾਜ਼ ਜਾਪਦਾ ਹੈ। ਟਰੰਪ ਪ੍ਰਸ਼ਾਸਨ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਅਮਰੀਕਾ ਹੁਣ ਯੂਕਰੇਨ ਨੂੰ ਫ਼ੌਜੀ ਸਹਾਇਤਾ ਨਹੀਂ ਦੇਵੇਗਾ ਕਿਉਂਕਿ ਉਨ੍ਹਾਂ ਦੀ ਤਰਜੀਹ ਸ਼ਾਂਤੀ ਵਾਰਤਾ ਹੈ।
ਇਹ ਫ਼ੈਸਲਾ ਜ਼ੈਲੇਂਸਕੀ ਦੇ ਅਮਰੀਕਾ ਦੌਰੇ ਦੌਰਾਨ ਪੈਦਾ ਹੋਏ ਵਿਵਾਦ ਤੋਂ ਬਾਅਦ ਲਿਆ ਗਿਆ। ਲੇਵਿਟ ਨੇ ਕਿਹਾ, ‘ਅਸੀਂ ਹੁਣ ਕਿਸੇ ਦੂਰ-ਦੁਰਾਡੇ ਦੇਸ਼ ਵਿੱਚ ਜੰਗ ਲਈ ਖ਼ਾਲੀ ਚੈੱਕ ਲਿਖਣਾ ਜਾਰੀ ਨਹੀਂ ਰਖਾਂਗੇ ਜਦੋਂ ਤਕ ਅਸਲ, ਸਥਾਈ ਸ਼ਾਂਤੀ ਨਹੀਂ ਬਣੀ ਹੁੰਦੀ।’ ਇਸ ਦਾ ਮਤਲਬ ਹੈ ਕਿ ਅਮਰੀਕਾ ਹੁਣ ਪਹਿਲਾਂ ਵਾਂਗ ਯੂਕਰੇਨ ਨੂੰ ਫ਼ੰਡ ਨਹੀਂ ਦੇਵੇਗਾ। ਲੇਵਿਟ ਦੇ ਬਿਆਨ ਤੋਂ ਟਰੰਪ ਨਾਲ ਟਕਰਾਅ ’ਤੇ ਉਸ ਦੀ ਨਾਰਾਜ਼ਗੀ ਵੀ ਸਪੱਸ਼ਟ ਤੌਰ ’ਤੇ ਝਲਕਦੀ ਹੈ।
ਉਸ ਨੇ ਕਿਹਾ, ‘ਇਹ ਚੰਗੀ ਗੱਲ ਹੈ ਕਿ ਕੈਮਰੇ ਘੁੰਮ ਰਹੇ ਸਨ।”ਅਮਰੀਕਾ ਅਤੇ ਪੂਰੀ ਦੁਨੀਆਂ ਨੇ ਦੇਖਿਆ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਟੀਮ ਬੰਦ ਦਰਵਾਜ਼ਿਆਂ ਪਿੱਛੇ ਯੂਕਰੇਨ ਨਾਲ ਕੀ ਚਰਚਾ ਕਰਦੀ ਹੈ। ਇਸ ਤੋਂ ਪਹਿਲਾਂ ਦਿ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਦਿਤੀ ਸੀ ਕਿ ਟਰੰਪ ਪ੍ਰਸ਼ਾਸਨ ਯੂਕਰੇਨ ਨੂੰ ਅਰਬਾਂ ਡਾਲਰ ਦੀ ਸਾਰੀ ਫ਼ੌਜੀ ਸਹਾਇਤਾ ਭੇਜਣ ’ਤੇ ਰੋਕ ਲਗਾਉਣ ’ਤੇ ਵਿਚਾਰ ਕਰ ਰਿਹਾ ਹੈ।
ਰਿਪੋਰਟ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਇਹ ਜ਼ੈਲੇਂਸਕੀ ਦੀਆਂ ਟਿੱਪਣੀਆਂ ਦੇ ਜਵਾਬ ਵਿਚ ਕੀਤਾ ਜਾਵੇਗਾ। ਇਸ ਵਿਚ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਅਰਬਾਂ ਡਾਲਰ ਦੇ ਰਾਡਾਰ, ਵਾਹਨ, ਗੋਲਾ ਬਾਰੂਦ ਅਤੇ ਮਿਜ਼ਾਈਲਾਂ ਦੀ ਸਪਲਾਈ ਬੰਦ ਹੋ ਜਾਵੇਗੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਨਾਲ ਮੁਲਾਕਾਤ ਕੀਤੀ।
ਵੈਂਸ ਨਾਲ ਵਿਵਾਦ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਨਿਕਲਦੇ ਸਮੇਂ ਉਸ ਨੇ ਟਰੰਪ ਅਤੇ ਅਮਰੀਕਾ ਦਾ ਯੂਕਰੇਨ ਦੇ ਸਮਰਥਨ ਲਈ ਧਨਵਾਦ ਕੀਤਾ। ਟਰੰਪ ਨੇ ਸ਼ੁੱਕਰਵਾਰ ਨੂੰ ਓਵਲ ਦਫ਼ਤਰ ਵਿਚ ਇਕ ਮੀਟਿੰਗ ਦੌਰਾਨ ਜ਼ੈਲੇਂਸਕੀ ’ਤੇ ਤਿੱਖਾ ਹਮਲਾ ਬੋਲਿਆ, ਉਸ ’ਤੇ ਲੱਖਾਂ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਸ ਦੀਆਂ ਕਾਰਵਾਈਆਂ ਤੀਜੇ ਵਿਸ਼ਵ ਯੁੱਧ ਨੂੰ ਭੜਕਾ ਸਕਦੀਆਂ ਹਨ। ਜਵਾਬ ਵਿਚ, ਜ਼ੈਲੇਂਸਕੀ ਅਮਰੀਕਾ ਨਾਲ ਇਕ ਮਹੱਤਵਪੂਰਨ ਖਣਿਜ ਸਮਝੌਤੇ ’ਤੇ ਦਸਤਖ਼ਤ ਕੀਤੇ ਬਿਨਾਂ ਵ੍ਹਾਈਟ ਹਾਊਸ ਛੱਡ ਕੇ ਚਲੇ ਗਏ।