
ਈਰਾਨ ਦੇ ਸਫ਼ੀਰ ਹੁਸੈਨ ਅਕਬਰੀ ਨੇ ਹਮਲੇ ਦਾ ਬਦਲਾ ਉਸੇ ਤੀਬਰਤਾ ਅਤੇ ਸਖਤੀ ਨਾਲ ਲੈਣ ਦਾ ਅਹਿਦ ਲਿਆ
ਦਮਿਸ਼ਕ: ਸੀਰੀਆ ’ਚ ਈਰਾਨ ਦੇ ਸਫ਼ਾਰਤਖ਼ਾਨੇ ’ਤੇ ਇਜ਼ਰਾਇਲੀ ਹਮਲੇ ’ਚ ਦੋ ਈਰਾਨੀ ਜਨਰਲ ਅਤੇ 5 ਅਧਿਕਾਰੀ ਮਾਰੇ ਗਏ। ਈਰਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਹ ਹਮਲਾ ਈਰਾਨੀ ਫੌਜੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲ ਦੇ ਹਮਲਿਆਂ ਵਿਚ ਵਾਧੇ ਦੇ ਵਿਚਕਾਰ ਹੋਇਆ ਹੈ। ਈਰਾਨ ਗਾਜ਼ਾ ਅਤੇ ਲੇਬਨਾਨ ਵਿਚ ਇਜ਼ਰਾਈਲ ਨਾਲ ਲੜ ਰਹੇ ਕੱਟੜਪੰਥੀ ਸਮੂਹਾਂ ਦੀ ਹਮਾਇਤ ਕਰਦਾ ਹੈ। ਤਕਰੀਬਨ ਛੇ ਮਹੀਨੇ ਪਹਿਲਾਂ ਗਾਜ਼ਾ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਈਰਾਨ ਸਮਰਥਿਤ ਹਿਜ਼ਬੁੱਲਾ ਅਤਿਵਾਦੀਆਂ ਅਤੇ ਇਜ਼ਰਾਈਲ ਵਿਚਾਲੇ ਲੇਬਨਾਨ ਵਿਚ ਝੜਪਾਂ ਵਧ ਰਹੀਆਂ ਹਨ। ਗਾਜ਼ਾ ’ਤੇ ਸ਼ਾਸਨ ਕਰਨ ਵਾਲੇ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕੀਤਾ ਸੀ। ਇਸ ਸਮੂਹ ਨੂੰ ਈਰਾਨ ਦਾ ਵੀ ਸਮਰਥਨ ਹਾਸਲ ਹੈ।
ਇਜ਼ਰਾਈਲ ਮੁਸ਼ਕਲ ਨਾਲ ਹੀ ਈਰਾਨੀ ਟਿਕਾਣਿਆਂ ’ਤੇ ਹਮਲਿਆਂ ਨੂੰ ਮਨਜ਼ੂਰ ਕਰਦਾ ਹੈ। ਉਸ ਨੇ ਸੀਰੀਆ ’ਚ ਹੋਏ ਹਮਲੇ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। ਹਾਲਾਂਕਿ, ਫੌਜ ਦੇ ਇਕ ਬੁਲਾਰੇ ਨੇ ਸੋਮਵਾਰ ਤੜਕੇ ਦਖਣੀ ਇਜ਼ਰਾਈਲ ਵਿਚ ਸਮੁੰਦਰੀ ਫ਼ੌਜ ਦੇ ਅੱਡੇ ’ਤੇ ਡਰੋਨ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ। ਯਮਨ ਵਿਚ ਈਰਾਨ ਸਮਰਥਿਤ ਹੁਤੀ ਬਾਗ਼ੀ ਵੀ ਇਜ਼ਰਾਈਲ ਵਲ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗ ਰਹੇ ਹਨ।
ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਮੁਤਾਬਕ ਸੋਮਵਾਰ ਨੂੰ ਸੀਰੀਆ ’ਚ ਹੋਏ ਹਵਾਈ ਹਮਲੇ ’ਚ ਜਨਰਲ ਮੁਹੰਮਦ ਰਜ਼ਾ ਜ਼ਾਹੇਦੀ ਦੀ ਮੌਤ ਹੋ ਗਈ, ਜੋ 2016 ਤਕ ਲੇਬਨਾਨ ਅਤੇ ਸੀਰੀਆ ’ਚ ਕੁਦਸ ਫੋਰਸ ਦੀ ਅਗਵਾਈ ਕਰ ਰਹੇ ਸਨ। ਇਸ ਹਮਲੇ ਵਿਚ ਜਨਰਲ ਮੁਹੰਮਦ ਹਾਦੀ ਹਜ਼ਰੀਆਹਿਮੀ ਅਤੇ ਪੰਜ ਹੋਰ ਅਧਿਕਾਰੀ ਵੀ ਮਾਰੇ ਗਏ ਸਨ।
ਹਿਜ਼ਬੁੱਲਾ ਦੇ ਇਕ ਬੁਲਾਰੇ ਨੇ ਦਸਿਆ ਕਿ ਹਮਲੇ ਵਿਚ ਕੱਟੜਪੰਥੀ ਸਮੂਹ ਦਾ ਮੈਂਬਰ ਹੁਸੈਨ ਯੂਸਫ ਵੀ ਮਾਰਿਆ ਗਿਆ। ਬਰਤਾਨੀਆਂ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਹਮਲੇ ਵਿਚ ਦੋ ਸੀਰੀਆਈ ਨਾਗਰਿਕ ਵੀ ਮਾਰੇ ਗਏ। ਇਸ ਹਮਲੇ ਵਿਚ ਕੌਂਸਲੇਟ ਦੀ ਸੁਰੱਖਿਆ ਕਰ ਰਹੇ ਦੋ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਅਤੇ ਮਲਬੇ ਹੇਠੋਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਹਮਲੇ ’ਚ ਈਰਾਨੀ ਕੌਂਸਲੇਟ ਦੀ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ, ਜਦਕਿ ਮੁੱਖ ਸਫ਼ਾਰਤਖ਼ਾਨੇ ਦੀ ਇਮਾਰਤ ਬਰਕਰਾਰ ਹੈ। ਈਰਾਨ ਦੇ ਸਫ਼ੀਰ ਹੁਸੈਨ ਅਕਬਰੀ ਨੇ ਹਮਲੇ ਦਾ ਬਦਲਾ ਉਸੇ ਤੀਬਰਤਾ ਅਤੇ ਸਖਤੀ ਨਾਲ ਲੈਣ ਦਾ ਅਹਿਦ ਲਿਆ। ਫਿਲਸਤੀਨ ਦੇ ਹਮਾਸ ਅਤੇ ਇਸਲਾਮਿਕ ਜਿਹਾਦ ਨੇ ਇਜ਼ਰਾਈਲ ’ਤੇ ਗਾਜ਼ਾ ਸੰਘਰਸ਼ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਾਸਿਰ ਕਨਾਨੀ ਨੇ ਹੋਰ ਦੇਸ਼ਾਂ ਨੂੰ ਹਮਲੇ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਮੰਗਲਵਾਰ ਤੜਕੇ ਸੀਰੀਆ ਤੋਂ ਇਜ਼ਰਾਈਲ ’ਤੇ ਸੁੱਟੇ ਗਏ ਕੁੱਝ ਗੋਲੇ ਨਿਸ਼ਾਨੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਤਬਾਹ ਕਰ ਦਿਤੇ ਗਏ।