
ਜਹਾਜ਼ ’ਤੇ 20 ਭਾਰਤੀ ਅਤੇ ਇਕ ਸ਼੍ਰੀਲੰਕਾਈ ਚਾਲਕ ਦਲ ਦਾ ਮੈਂਬਰ ਜਹਾਜ਼ ’ਤੇ ‘ਆਮ ਡਿਊਟੀ ਨਿਭਾਉਣ ’ਚ ਰੁੱਝੇ ਹੋਏ ਹਨ’
ਨਿਊਯਾਰਕ: ਅਮਰੀਕਾ ਦੇ ਬਾਲਟੀਮੋਰ ਸੂਬੇ ’ਚ ਪਿਛਲੇ ਹਫਤੇ ਪੁਲ ਨਾਲ ਟਕਰਾਉਣ ਵਾਲੇ ਜਹਾਜ਼ ’ਚ ਸਵਾਰ 20 ਭਾਰਤੀ ਅਤੇ ਇਕ ਸ਼੍ਰੀਲੰਕਾਈ ਚਾਲਕ ਦਲ ਦਾ ਮੈਂਬਰ ਜਹਾਜ਼ ’ਤੇ ‘ਆਮ ਡਿਊਟੀ ਨਿਭਾਉਣ ’ਚ ਰੁੱਝੇ ਹੋਏ ਹਨ’ ਅਤੇ ਹਾਦਸੇ ਦੀ ਜਾਂਚ ਪੂਰੀ ਹੋਣ ਤਕ ਉਹ ਜਹਾਜ਼ ’ਚ ਹੀ ਰਹਿਣਗੇ।
ਗ੍ਰੇਸ ਓਸ਼ਨ ਪੀ.ਟੀ.ਈ. ਅਤੇ ਸਿਨਰਜੀ ਮਰੀਨ ਦੇ ਇਕ ਬੁਲਾਰੇ ਨੇ ਦਸਿਆ, ‘‘ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜਹਾਜ਼ ’ਤੇ ਚਾਲਕ ਦਲ ਦੇ 21 ਮੈਂਬਰ ਸਵਾਰ ਹਨ। ਚਾਲਕ ਦਲ ਜਹਾਜ਼ ’ਤੇ ਆਮ ਡਿਊਟੀ ਨਿਭਾ ਰਿਹਾ ਹੈ, ਜਾਂਚ ਕਰ ਰਹੇ ਕੌਮੀ ਆਵਾਜਾਈ ਸੁਰੱਖਿਆ ਬੋਰਡ ਅਤੇ ਤੱਟ ਰੱਖਿਅਕ ਦੀ ਸਹਾਇਤਾ ਕਰ ਰਿਹਾ ਹੈ।’’ ਬਾਲਟੀਮੋਰ ਵਿਚ ਪਾਟਾਸਕੋ ਨਦੀ ’ਤੇ 2.6 ਕਿਲੋਮੀਟਰ ਲੰਬਾ ਫਰਾਂਸਿਸ ਸਕਾਟ ਬ੍ਰਿਜ 26 ਮਾਰਚ ਨੂੰ ਉਸ ਸਮੇਂ ਢਹਿ ਗਿਆ ਜਦੋਂ 984 ਫੁੱਟ ਲੰਬਾ ਸ਼੍ਰੀਲੰਕਾ ਜਾ ਰਿਹਾ ਮਾਲਬਰਦਾਰ ਜਹਾਜ਼ ਪੁਲ ਦੇ ਇਕ ਥੰਮ੍ਹ ਨਾਲ ਟਕਰਾ ਗਿਆ।
ਇਹ ਪੁੱਛੇ ਜਾਣ ’ਤੇ ਕਿ ਚਾਲਕ ਦਲ ਨੂੰ ਜਹਾਜ਼ ’ਤੇ ਕਿੰਨਾ ਸਮਾਂ ਰਹਿਣਾ ਪਵੇਗਾ, ਬੁਲਾਰੇ ਨੇ ਕਿਹਾ, ‘‘ਇਸ ਪੜਾਅ ’ਤੇ, ਅਸੀਂ ਨਹੀਂ ਜਾਣਦੇ ਕਿ ਜਾਂਚ ਪ੍ਰਕਿਰਿਆ ’ਚ ਕਿੰਨਾ ਸਮਾਂ ਲੱਗੇਗਾ ਅਤੇ ਚਾਲਕ ਦਲ ਉਦੋਂ ਤਕ ਜਹਾਜ਼ ’ਤੇ ਰਹੇਗਾ ਜਦੋਂ ਤਕ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ।’’
ਸਿੰਗਾਪੁਰ ਦੇ ਝੰਡੇ ਵਾਲੀ ਕਾਸਟ ਗ੍ਰੇਸ ਓਸ਼ਨ ਪੀ.ਟੀ.ਈ. ਲਿਮਟਿਡ ਦੀ ਮਲਕੀਅਤ ਹੈ ਅਤੇ ਸਿਨਰਜੀ ਮਰੀਨ ਗਰੁੱਪ ਵਲੋਂ ਪ੍ਰਬੰਧਿਤ ਕੀਤੀ ਜਾਂਦੀ ਹੈ। ਦਿੱਲੀ ’ਚ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕੁੱਝ ਦਿਨ ਪਹਿਲਾਂ ਅਮਰੀਕਾ ਦੇ ਬਾਲਟੀਮੋਰ ’ਚ ਇਕ ਪੁਲ ਨਾਲ ਟਕਰਾਉਣ ਵਾਲੇ ਮਾਲਬਰਦਾਰ ਜਹਾਜ਼ ’ਤੇ 20 ਭਾਰਤੀ ਸਵਾਰ ਸਨ ਅਤੇ ਭਾਰਤੀ ਸਫ਼ਾਰਤਖ਼ਾਨਾ ਉਨ੍ਹਾਂ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹੈ।
ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫਤੇ ਡਾਲੀ ਜਹਾਜ਼ ’ਤੇ ਸਵਾਰ ਚਾਲਕ ਦਲ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਸੀ। ਸਿਨਰਜੀ ਗਰੁੱਪ ਨੇ ਇਕ ਬਿਆਨ ਵਿਚ ਕਿਹਾ ਕਿ ਐਨ.ਟੀ.ਐਸ.ਬੀ. (ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ) ਨੇ ਬੁਧਵਾਰ ਨੂੰ ਜਾਂਚ ਦੇ ਹਿੱਸੇ ਵਜੋਂ ਦਸਤਾਵੇਜ਼, ਯਾਤਰਾ ਡਾਟਾ ਰੀਕਾਰਡਰ ਜਾਣਕਾਰੀ ਅਤੇ ਹੋਰ ਸਬੂਤ ਇਕੱਠੇ ਕੀਤੇ।
ਗ੍ਰੇਸ ਓਸ਼ਨ ਐਂਡ ਸਿਨਰਜੀ ਨੇ ਚਾਲਕ ਦਲ ਦੇ ਸਾਰੇ ਮੈਂਬਰਾਂ ਅਤੇ ਜਹਾਜ਼ ’ਤੇ ਸਵਾਰ ਦੋ ਪਾਇਲਟਾਂ ਦੀ ਸੁਰੱਖਿਆ ਦੀ ਪੁਸ਼ਟੀ ਕੀਤੀ। ਉਸ ਨੇ ਚਾਲਕ ਦਲ ਦੇ ਇਕ ਮੈਂਬਰ ਨੂੰ ਮਾਮੂਲੀ ਸੱਟਾਂ ਲੱਗਣ ਦੀ ਰੀਪੋਰਟ ਕੀਤੀ ਅਤੇ ਕਿਹਾ ਕਿ ਜ਼ਖਮੀ ਚਾਲਕ ਦਲ ਦੇ ਮੈਂਬਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਹਾਦਸੇ ਦੇ ਸਮੇਂ ਪੁਲ ’ਤੇ ਟੋਏ ਦੀ ਮੁਰੰਮਤ ਕਰਨ ਵਾਲੀ ਉਸਾਰੀ ਟੀਮ ਦੇ ਛੇ ਮੈਂਬਰਾਂ ਨੂੰ ਮ੍ਰਿਤਕ ਮੰਨਿਆ ਜਾਂਦਾ ਹੈ। ਗੋਤਾਖੋਰਾਂ ਨੇ ਪਾਟਾਸਕੋ ਨਦੀ ’ਚ ਡੁੱਬੇ ਇਕ ਪਿਕਅਪ ਟਰੱਕ ’ਚੋਂ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਚਾਰ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।