
ਅਕਤੂਬਰ ਵਿੱਚ ਆਈਐਸ ਦੇ ਸਾਬਕਾ ਮੁਖੀ ਦੇ ਮਾਰੇ ਜਾਣ ਤੋਂ ਬਾਅਦ ਅਬੂ ਹੁਸੈਨ ਅਲ ਕੁਰੈਸ਼ੀ ਨੂੰ ਇਸ ਦਾ ਮੁਖੀ ਬਣਾਇਆ ਗਿਆ ਸੀ
ਅੰਕਾਰਾ- ਤੁਰਕੀ ਦੇ ਸੁਰੱਖਿਆ ਬਲਾਂ ਨੇ ਸੀਰੀਆ 'ਚ ਇਕ ਆਪਰੇਸ਼ਨ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਕ ਨੇਤਾ ਨੂੰ ਮਾਰ ਦਿੱਤਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਐਤਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਏਰਦੋਗਨ ਨੇ ਟੀਆਰਟੀ ਤੁਰਕ ਟੈਲੀਵਿਜ਼ਨ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਆਈਐਸ ਨੇਤਾ ਸ਼ਨੀਵਾਰ ਨੂੰ ਹੋਏ ਇੱਕ ਹਮਲੇ ਵਿੱਚ ਮਾਰਿਆ ਗਿਆ ਸੀ। ਉਸਦਾ 'ਕੋਡ-ਨੇਮ' ਅਬੂ ਹੁਸੈਨ ਅਲ-ਕੁਰੈਸ਼ੀ ਸੀ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਖੁਫੀਆ ਏਜੰਸੀ ਐਮਆਈਟੀ "ਲੰਬੇ ਸਮੇਂ ਤੋਂ" ਉਸਦਾ ਪਿੱਛਾ ਕਰ ਰਹੀ ਸੀ।
ਉਨ੍ਹਾਂ ਕਿਹਾ, ''ਅਸੀਂ ਬਿਨਾਂ ਕਿਸੇ ਭੇਦਭਾਵ ਦੇ ਅੱਤਵਾਦੀ ਸੰਗਠਨਾਂ ਵਿਰੁਧ ਆਪਣੀ ਲੜਾਈ ਜਾਰੀ ਰਖਾਂਗੇ। ਹਾਲਾਂਕਿ ਅਜੇ ਤੱਕ ਆਈਐਸ ਵਲੋਂ ਕੋਈ ਪੁਸ਼ਟੀ ਨਹੀਂ ਹੋਈ ਹੈ। ਤੁਰਕੀ ਨੇ ਸੀਰੀਆ ਦੀ ਸਰਹਦ 'ਤੇ ਆਈਐਸ ਅਤੇ ਕੁਰਦ ਸਮੂਹਾਂ ਦੇ ਖ਼ਿਲਾਫ਼ ਕਈ ਕਾਰਵਾਈਆਂ ਕੀਤੀਆਂ ਹਨ ਅਤੇ ਕਈ ਸ਼ੱਕੀ ਅੱਤਵਾਦੀਆਂ ਨੂੰ ਫੜਿਆ ਜਾਂ ਮਾਰਿਆ ਹੈ। ਅਕਤੂਬਰ ਵਿੱਚ ਆਈਐਸ ਦੇ ਸਾਬਕਾ ਮੁਖੀ ਦੇ ਮਾਰੇ ਜਾਣ ਤੋਂ ਬਾਅਦ ਅਬੂ ਹੁਸੈਨ ਅਲ ਕੁਰੈਸ਼ੀ ਨੂੰ ਇਸ ਦਾ ਮੁਖੀ ਬਣਾਇਆ ਗਿਆ ਸੀ।
ਉਸ ਨੇ ਅਜਿਹੇ ਸਮੇਂ ਵਿੱਚ ਸਮੂਹ ਦੀ ਕਮਾਨ ਸੰਭਾਲੀ ਜਦੋਂ ਅੱਤਵਾਦੀ ਸਮੂਹ ਨੇ ਇਰਾਕ ਅਤੇ ਸੀਰੀਆ ਦੇ ਵੱਡੇ ਹਿੱਸਿਆਂ ਦਾ ਕੰਟਰੋਲ ਗੁਆ ਦਿੱਤਾ ਸੀ, ਜਿਸ ਦਾ ਇੱਕ ਵਾਰ ਇਸ ਦਾ ਕਬਜ਼ਾ ਸੀ। ਉਂਜ ਉਹ ਦੋਵੇਂ ਮੁਲਕਾਂ ਵਿਚ ਜਾਨਲੇਵਾ ਹਮਲੇ ਕਰਵਾ ਕੇ ਮੁੜ ਸਿਰ ਉੱਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਲਾਮਿਕ ਸਟੇਟ ਦੇ ਸੰਸਥਾਪਕ ਅਬੂ ਬਕਰ ਅਲ-ਬਗਦਾਦੀ ਨੂੰ ਅਕਤੂਬਰ 2019 ਵਿਚ ਉਤਰ-ਪਛਮੀ ਸੀਰੀਆ ਵਿਚ ਅਮਰੀਕੀ ਬਲਾਂ ਦੁਆਰਾ ਮਾਰਿਆ ਗਿਆ ਸੀ।
ਉਸ ਦਾ ਉਤਰਾਧਿਕਾਰੀ, ਅਬੂ ਇਬਰਾਹਿਮ ਅਲ-ਹਾਸ਼ਿਮੀ ਅਲ-ਕੁਰੈਸ਼ੀ, ਫਰਵਰੀ 2022 ਵਿਚ ਇਸੇ ਤਰ੍ਹਾਂ ਦੇ ਹਮਲੇ ਵਿਚ ਮਾਰਿਆ ਗਿਆ ਸੀ। ਅਬੂ-ਉਲ-ਹਸਨ ਅਲ-ਹਾਸ਼ਿਮੀ ਅਲ-ਕੁਰੈਸ਼ੀ, ਜਿਸ ਨੇ ਉਸ ਸਮੇਂ ਸਮੂਹ ਦੀ ਕਮਾਨ ਸੰਭਾਲੀ ਸੀ, ਨੂੰ ਸੀਰੀਆ ਦੇ ਬਾਗੀਆਂ ਨੇ ਮਾਰ ਦਿੱਤਾ ਸੀ। ਇਹ ਮੰਨਿਆ ਜਾਂਦਾ ਹੈ ਕਿ ਅਲ-ਕੁਰੈਸ਼ੀ ਇਸ ਦਾ ਅਸਲੀ ਨਾਮ ਨਹੀਂ ਸੀ, ਸਗੋਂ ਕੁਰੈਸ਼ ਕਬੀਲੇ ਤੋਂ ਲਿਆ ਗਿਆ ਸੀ ਜਿਸ ਨਾਲ ਇਸਲਾਮ ਦੇ ਪੈਗੰਬਰ ਮੁਹੰਮਦ ਦਾ ਸਬੰਧ ਸੀ। ਆਈਐਸ ਦਾ ਦਾਅਵਾ ਹੈ ਕਿ ਉਸ ਦੇ ਆਗੂ ਇਸੇ ਕਬੀਲੇ ਤੋਂ ਆਉਂਦੇ ਹਨ।