
17.9 ਮੀਟਰ ਲੰਬਾ ਹਾਈਵੇਅ ਸੈਕਸ਼ਨ ਬੁਧਵਾਰ ਤੜਕੇ ਕਰੀਬ 2 ਵਜੇ ਢਹਿ ਗਿਆ, 23 ਗੱਡੀਆਂ ਟੋਏ ’ਚ ਡਿੱਗੀਆਂ
ਬੀਜਿੰਗ: ਦਖਣੀ ਚੀਨ ’ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇਕ ਹਿੱਸਾ ਢਹਿ ਜਾਣ ਕਾਰਨ ਕਈ ਕਾਰਾਂ ਢਲਾਨ ਤੋਂ ਹੇਠਾਂ ਡਿੱਗ ਗਈਆਂ, ਜਿਸ ’ਚ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਮੀਝੋਊ ਸ਼ਹਿਰ ਪ੍ਰਸ਼ਾਸਨ ਨੇ ਦਸਿਆ ਕਿ 17.9 ਮੀਟਰ ਲੰਬਾ ਹਾਈਵੇਅ ਸੈਕਸ਼ਨ ਬੁਧਵਾਰ ਤੜਕੇ ਕਰੀਬ 2 ਵਜੇ ਢਹਿ ਗਿਆ, ਜਿਸ ਕਾਰਨ 23 ਗੱਡੀਆਂ ਟੋਏ ’ਚ ਡਿੱਗ ਗਈਆਂ। ਇਕ ਅਧਿਕਾਰਤ ਬਿਆਨ ਮੁਤਾਬਕ ਇਸ ਹਾਦਸੇ ’ਚ 30 ਲੋਕ ਜ਼ਖਮੀ ਹੋਏ ਹਨ।
ਗੁਆਂਗਡੋਂਗ ਸੂਬੇ ਦੇ ਕੁੱਝ ਹਿੱਸੇ ਪਿਛਲੇ ਦੋ ਹਫਤਿਆਂ ਤੋਂ ਮੀਂਹ ਅਤੇ ਹੜ੍ਹ ਦੇ ਨਾਲ-ਨਾਲ ਗੜੇਮਾਰੀ ਨਾਲ ਪ੍ਰਭਾਵਤ ਹੋਏ ਹਨ। ਪਿਛਲੇ ਹਫਤੇ ਸੂਬਾਈ ਰਾਜਧਾਨੀ ਗੁਆਂਗਜ਼ੂ ’ਚ ਆਏ ਤੂਫਾਨ ’ਚ 5 ਲੋਕਾਂ ਦੀ ਮੌਤ ਹੋ ਗਈ ਸੀ।
ਅਜਿਹਾ ਜਾਪਦਾ ਹੈ ਕਿ ਮੀਂਹ ਕਾਰਨ ਹਾਈਵੇਅ ਦੇ ਹੇਠਾਂ ਜ਼ਮੀਨ ਢਹਿ ਗਈ ਅਤੇ ਇਸ ਕਾਰਨ ਸੜਕ ਦਾ ਇਕ ਹਿੱਸਾ ਵੀ ਢਹਿ ਗਿਆ। ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੇ ਇਕ ਵੱਡਾ ਧਮਾਕਾ ਸੁਣਿਆ ਅਤੇ ਇਕ ਵੱਡਾ ਖੱਡਾ ਵੇਖਿਆ।
ਸਥਾਨਕ ਮੀਡੀਆ ਵਲੋਂ ਜਾਰੀ ਵੀਡੀਉ ਅਤੇ ਤਸਵੀਰਾਂ ਵਿਚ ਘਟਨਾ ਵਾਲੀ ਥਾਂ ’ਤੇ ਧੂੰਆਂ ਅਤੇ ਅੱਗ ਲਗਦੀ ਵਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਮੌਕੇ ’ਤੇ ਗੱਡੀਆਂ ਦਾ ਢੇਰ ਵੀ ਨਜ਼ਰ ਆ ਰਿਹਾ ਹੈ।