ਭਾਜਪਾ ਨੇ ਰਾਹੁਲ ਗਾਂਧੀ ਦੀ ਬੌਧਿਕ ਸਮਰਥਾ ਘੱਟ ਦੱਸੀ, ਕਾਂਗਰਸ ਨੇ ਕਿਹਾ ਅਡਵਾਨੀ ਨੇ ਜਿੱਨਾਹ ਦੇ ਮਜ਼ਾਰ ’ਤੇ ਸਲਾਮੀ ਕਿਉਂ ਦਿਤੀ ਸੀ?
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ.) ਨੂੰ ਪੂਰੀ ਤਰ੍ਹਾਂ ਧਰਮਨਿਰਪੱਖ ਪਾਰਟੀ ਦੱਸਣ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁਕਰਵਾਰ ਨੂੰ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਦੋਸ਼ ਲਾਇਆ ਕਿ ਕੇਰਲ ਦੀ ਇਹ ਪਾਰਟੀ ਮੁਹੰਮਦ ਅਲੀ ਜਿੱਨਾਹ ਦੀ ਆਲ ਇੰਡੀਆ ਮੁਸਲਿਮ ਲੀਗ ਵਾਲੀ ਮਾਨਸਿਕਤਾ ਵਾਲੀ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ‘‘ਉਮੀਦ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਮੁਸਲਿਮ ਬ੍ਰਦਰਹੁੱਡ ਅਤੇ ਮੁਸਲਿਮ ਲੀਗ ਵਰਗੇ ਸੰਗਠਨਾਂ ਦੇ ਹੱਕ ’ਚ ਬੋਲਣ, ਕਿਉਂਕਿ ਅਮੇਠੀ ਤੋਂ ਹਾਰਨ ਮਗਰੋਂ ਉਨ੍ਹਾਂ ਨੂੰ ਮੁਸਲਿਮ ਬਹੁਗਿਣਤੀ ਸੀਟ ਵਾਏਨਾਡ ਤੋਂ ਚੋਣ ਲੜਨੀ ਹੈ।’’ ਮੁਸਲਿਮ ਬ੍ਰਦਰਹੁੱਡ ਕਈ ਦੇਸ਼ਾਂ ’ਚ ਪਾਬੰਦੀਸ਼ੁਦਾ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਵੀ ਦਾਅਵਾ ਕੀਤਾ ਕਿ ਖੇਤਰੀ ਪਾਰਟੀ ਅਤੇ ਜਿੱਨਾਹ ਦੇ ਸੰਗਠਨ ਵਿਚਕਾਰ ਸਬੰਧ ਹਨ।
ਠਾਕੁਰ ਨੇ ਅੱਗੇ ਕਿਹਾ, ‘‘ਇਹ ਉਹੀ ਲੋਕ ਹਨ ਜੋ ਵੰਡ ਤੋਂ ਬਾਅਦ ਇਥੇ ਰੁਕ ਗਏ ਸਨ। ਉਨ੍ਹਾਂ ਨੇ ਵੰਡ ਤੋਂ ਬਾਅਦ ਇਥੇ ਮੁਸਲਿਮ ਲੀਗ ਦਾ ਗਠਨ ਕੀਤਾ ਅਤੇ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਸ਼ਰੀਆ ਕਾਨੂੰਨ ਦੀ ਵਕਾਲਤ ਕੀਤੀ, ਮੁਸਲਮਾਨਾਂ ਲਈ ਵੱਖ ਸੀਟਾਂ ਰਾਖਵੀਆਂ ਕਰਨਾ ਚਾਹੁੰਦੇ ਸਨ। ਇਹ ਉਹੀ ਲੋਕ ਹਨ ਜੋ ਉਸੇ ਮੁਸਲਿਮ ਲੀਗ ਦਾ ਹਿੱਸਾ ਹਨ। ਇਹ ਰਾਹੁਲ ਗਾਂਧੀ ਅਤੇ ਕਾਂਗਰਸ ਹੀ ਹੈ ਜਿਸ ਨੂੰ ਹਿੰਦੂ ਅਤਿਵਾਦ ਦਿਸਦਾ ਹੈ ਪਰ ਉਸ ਨੂੰ ਲਗਦਾ ਹੈ ਕਿ ਮੁਸਲਿਮ ਲੀਗ ਧਰਮਨਿਰਪੱਖ ਹੈ।’’
ਉਧਰ ਕਾਂਗਰਸ ਨੇ ਵੀ ਭਾਜਪਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕਾ ’ਚ ਪੱਤਰਕਾਰ ਸੰਮੇਲਨ ’ਚ ਕੇਰਲ ਦੀ ਇਕ ਸਿਆਸੀ ਪਾਰਟੀ ਬਾਰੇ ਗੱਲ ਕੀਤੀ ਹੈ ਨਾ ਕਿ ਮੁਹੰਮਦ ਅਲੀ ਜਿੱਨਾਹ ਦੀ ਉਸ ਮੁਸਲਿਮ ਲੀਗ ਬਾਰੇ ਜਿਸ ਨਾਲ ਮਿਲ ਕੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਦੇ ਬੰਗਾਲ ’ਚ ਸਰਕਾਰ ਬਣਾਈ ਸੀ।
ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਇਹ ਵੀ ਕਿਹਾ ਕਿ ਭਾਜਪਾ ਆਗੂਆਂ ਨੂੰ ਆਪਣੇ ‘ਮਾਰਗਦਰਸ਼ਕ ਮੰਡਲ ਦੇ ਮੁਖੀ’ ਲਾਲ ਕ੍ਰਿਸ਼ਣ ਅਡਵਾਨੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ’ਚ ਜਿੱਨਾਹ ਦੀ ਮਜ਼ਾਰ ’ਤੇ ਸਲਾਮੀ ਕਿਉਂ ਦਿਤੀ ਸੀ ਅਤੇ ਜਿੱਨਾਹ ਨੂੰ ਸਭ ਤੋਂ ਵੱਡਾ ਧਰਮਨਿਰਪੱਖ ਕਿਉਂ ਦਸਿਆ ਸੀ?
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਯਾਤਰਾ ਦੌਰਾਨ ਗਾਂਧੀ ਨੇ ਵਾਸ਼ਿੰਗਟਨ ’ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੁਸਲਿਮ ਲੀਗ ਪੂਰੀ ਤਰ੍ਹਾਂ ਧਰਮਨਿਰਪੱਖ ਪਾਰਟੀ ਹੈ ਅਤੇ ਇਸ ’ਚ ਕੁਝ ਵੀ ਗੈਰ-ਧਰਮਨਿਰਪੱਖ ਨਹੀਂ ਹੈ। ਉਹ ਖੇਤਰੀ ਪਾਰਟੀ ਨਾਲ ਆਪਣੀ ਪਾਰਟੀ ਦੇ ਗਠਜੋੜ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਕੇਰਲ ਭਾਜਪਾ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕੇ.ਜੇ. ਅਲਫ਼ੋਂਸ ਨੇ ਰਾਹੁਲ ’ਤੇ ਵਿਅੰਗ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਟਿਪਣੀਆਂ ਲਈ ਮੁਆਫ਼ ਕਰ ਦਿਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ‘ਬੌਧਿਕ ਸਮਰਥਾ ਸੀਮਤ ਹੈ’।