ਗ਼ਲਤੀ ਨਾਲ ਸਮੁੰਦਰੀ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਕੀਤਾ ਗਿਆ ਸੀ ਗ੍ਰਿਫ਼ਤਾਰ
ਨਵੀਂ ਦਿੱਲੀ : 198 ਭਾਰਤੀ ਮਛੇਰਿਆਂ ਦੇ ਪਹਿਲੇ ਬੈਚ ਨੂੰ ਰਿਹਾਅ ਕਰਨ ਤੋਂ ਲਗਭਗ ਦੋ ਹਫ਼ਤਿਆਂ ਬਾਅਦ, ਪਾਕਿਸਤਾਨ ਨੇ ਵੀਰਵਾਰ ਨੂੰ 200 ਹੋਰ ਮਛੇਰਿਆਂ ਨੂੰ ਰਿਹਾਅ ਕੀਤਾ। ਇਨ੍ਹਾਂ ਮਛੇਰਿਆਂ ਵਲੋਂ ਅਪਣੀ ਸਜ਼ਾ ਪੂਰੀ ਕੀਤੇ ਜਾਣ 'ਤੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ।
ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕਰੇਸੀ (ਪੀ.ਆਈ.ਪੀ.ਐਫ਼.ਪੀ.ਡੀ.) ਦੇ ਸਾਬਕਾ ਜਨਰਲ ਸਕੱਤਰ ਜਤਿਨ ਦੇਸਾਈ ਦੇ ਅਨੁਸਾਰ, ਕੈਦੀਆਂ ਨੂੰ ਕਰਾਚੀ ਦੀ ਮਲੀਰ ਜੇਲ ਤੋਂ ਰਿਹਾਅ ਕੀਤਾ ਗਿਆ ਸੀ। 15 ਮਈ ਨੂੰ ਲਾਂਡੀ ਜੇਲ ਤੋਂ ਰਿਹਾਅ ਹੋਏ 198 ਭਾਰਤੀ ਮਛੇਰੇ ਵਾਹਗਾ ਸਰਹੱਦ ਪਾਰ ਕਰ ਕੇ ਗੁਜਰਾਤ ਪਹੁੰਚ ਗਏ ਸਨ।
ਇਹ ਵੀ ਪੜ੍ਹੋ: ਤੇਲੰਗਾਨਾ ਵਿਚ ਬਣਾਇਆ ਜਾਵੇਗਾ ਦੁਨੀਆਂ ਦਾ ਪਹਿਲਾ '3-ਡੀ ਪ੍ਰਿੰਟਿਡ' ਮੰਦਰ
ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਸਮੁੰਦਰ ਵਿਚ ਫੜੇ ਗਏ ਕੁੱਲ 654 ਮਛੇਰਿਆਂ ਵਿਚੋਂ 631 ਨੇ ਇਸ ਸਾਲ ਅਪ੍ਰੈਲ ਤਕ ਕੈਦ ਦੀ ਸਜ਼ਾ ਪੂਰੀ ਕਰ ਲਈ ਸੀ ਅਤੇ ਉਨ੍ਹਾਂ ਦੀ ਕੌਮੀਅਤ ਵੀ ਤਸਦੀਕ ਕੀਤੀ ਗਈ ਸੀ।ਪਾਕਿਸਤਾਨ ਨੇ ਅਪਣੀ ਜੇਲ ਵਿਚ ਬੰਦ 654 ਭਾਰਤੀ ਮਛੇਰਿਆਂ ਵਿਚੋਂ 499 ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਸੀ।
ਅਰਬ ਸਾਗਰ 'ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (IMBL) ਦੀ ਅਲਾਈਨਮੈਂਟ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਤਭੇਦ ਹਨ। ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਹਰ ਸਾਲ ਕੁਝ ਸੌ ਭਾਰਤੀ ਮਛੇਰਿਆਂ ਨੂੰ ਅਪਣੇ ਖੇਤਰੀ ਪਾਣੀਆਂ ਦੀ ਕਥਿਤ ਉਲੰਘਣਾ ਲਈ ਗ੍ਰਿਫ਼ਤਾਰ ਕਰਦੀ ਹੈ। ਭਾਰਤੀ ਏਜੰਸੀਆਂ ਵੀ ਹਰ ਸਾਲ ਕੁਝ ਦਰਜਨ ਪਾਕਿਸਤਾਨੀ ਮਛੇਰਿਆਂ ਨੂੰ ਕਥਿਤ ਤੌਰ 'ਤੇ ਆਈ.ਐਮ.ਬੀ.ਐਲ. ਦੇ ਭਾਰਤੀ ਪਾਸੇ ਜਾਣ ਦੇ ਦੋਸ਼ ਵਿਚ ਗ੍ਰਿਫਤਾਰ ਕਰਦੀਆਂ ਹਨ।