
ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਕਲਾ ਆਯੋਗ ਨੇ ਉਸ ਮੂਰਤੀ ਨੂੰ ਹਟਾਉਣ ਲਈ ਸਹਿਮਤੀ ਨਾਲ ਵੋਟਿੰਗ ਕੀਤੀ
ਬੋਸਟਨ, 1 ਜੁਲਾਈ : ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਕਲਾ ਆਯੋਗ ਨੇ ਉਸ ਮੂਰਤੀ ਨੂੰ ਹਟਾਉਣ ਲਈ ਸਹਿਮਤੀ ਨਾਲ ਵੋਟਿੰਗ ਕੀਤੀ, ਜਿਸ ਵਿਚ ਮੁਕਤ ਕੀਤੇ ਗਏ ਇਕ ਗੁਲਾਮ ਨੂੰ ਇਬਰਾਹਿਮ ਲਿੰਕਨ ਦੇ ਪੈਰਾਂ ਵਿਚ ਗੋਡਿਆਂ ਭਾਰ ਝੁਕੇ ਹੋਏ ਦਿਖਾਇਆ ਗਿਆ ਹੈ। ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਦੇਸ਼ ਵਿਚ ਗੁਲਾਮ ਪ੍ਰਥਾ ਦੇ ਪ੍ਰਤੀਕਾਂ ਵਿਰੁਧ ਵਧ ਰਹੇ ਗੁੱਸੇ ਵਿਚਕਾਰ ਵਿਭਾਗ ਨੂੰ ਇਮੈਨਿਸਪੇਸ਼ਨ ਮੈਮੋਰੀਅਲ ਬਾਰੇ ਕਾਫੀ ਸ਼ਿਕਾਇਤਾਂ ਮਿਲੀਆਂ ਸਨ। ਇਹ ਮੂਰਤੀ ਬੋਸਟਨ ਕਾਮਨ ਦੇ ਨੇੜੇ ਇਕ ਪਾਰਕ ਵਿਚ ਸਾਲ 1879 ਤੋਂ ਲੱਗੀ ਹੈ।
File Photo
ਇਹ ਮੂਰਤੀ ਇਸ ਤੋਂ ਤਿੰਨ ਸਾਲ ਪਹਿਲਾਂ ਵਾਸ਼ਿੰਗਟਨ ਡੀ.ਸੀ. ਵਿਚ ਬਣਾਈ ਗਈ ਸੀ। ਇਸ ਮੂਰਤੀ ਨੂੰ ਬੋਸਟਨ ਵਿਚ ਇਸ ਲਈ ਲਾਇਆ ਗਿਆ ਹੈ ਕਿਉਂਕਿ ਇਸ ਸ਼ਹਿਰ ਵਿਚ ਇਸ ਮੂਰਤੀ ਨੂੰ ਬਣਾਉਣ ਵਾਲੇ ਗੋਰੇ ਸ਼ਿਲਪਕਾਰ ਥਾਮਸ ਬਾਲ ਦਾ ਘਰ ਹੈ। ਇਸ ਮੂਰਤੀ ਨੂੰ ਅਮਰੀਕਾ ਵਿਚ ਗੁਲਾਮਾਂ ਨੂੰ ਮੁਕਤ ਕਰਨ ਦੇ ਜਸ਼ਨ ਦੇ ਤੌਰ ’ਤੇ ਲਗਾਇਆ ਗਿਆ ਪਰ ਲੋਕਾਂ ਨੇ ਕਾਲੇ ਵਿਅਕਤੀ ਦੇ ਲਿੰਕਨ ਦੇ ਸਾਹਮਣੇ ਗੋਡਿਆਂ ਭਾਰ ਝੁਕਣ ਨੂੰ ਲੈ ਕੇ ਇਤਰਾਜ਼ ਜਤਾਇਆ।
ਮੂਰਤੀ ਨੂੰ ਹਟਾਉਣ ਲਈ 12000 ਤੋਂ ਵਧੇਰੇ ਲੋਕਾਂ ਨੇ ਹਸਤਾਖ਼ਰ ਕੀਤੇ ਹਨ। ਅਧਿਕਾਰੀਆਂ ਨੇ ਇਸ ਨੂੰ ਹਟਾਉਣ ਦੀ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਅਤੇ ਕਿਹਾ ਕਿ 14 ਜੁਲਾਈ ਨੂੰ ਅਗਲੀ ਬੈਠਕ ਵਿਚ ਇਸ ’ਤੇ ਫ਼ੈਸਲਾ ਲਿਆ ਜਾਵੇਗਾ। (ਪੀਟੀਆਈ)