
ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇੰਗਲੈਂਡ ਅਤੇ ਵੇਲਸ ਕ੍ਰਿਕੇਟ ਬੋਰਡ ’ਚ ਹਰ ਪੱਧਰ ’ਤੇ ਫੈਲੇ ਨਸਲਵਾਦ ਅਤੇ ਲਿੰਗਭੇਦ ਬਾਰੇ ਇਕ ਰੀਪੋਰਟ ’ਤੇ ਦਿਤੀ ਪ੍ਰਤੀਕਿਰਿਆ
ਲੰਡਨ: ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇਥੇ ਲਾਰਡਸ ਕ੍ਰਿਕੇਟ ਮੈਦਾਨ ’ਚ ਐਸ਼ੇਜ ਟੈਸਟ ਲੜੀ (ਇੰਗਲੈਂਡ ਬਨਾਮ ਆਸਟਰੇਲੀਆ) ਦੇ ਦੂਜੇ ਮੈਚ ਦੇ ਚੌਥੇ ਦਿਨ ਕਿਹਾ ਕਿ ਉਨ੍ਹਾਂ ਨੇ ਇਸ ਦੇਸ਼ ’ਚ ਵੱਡੇ ਹੋਣ ਦੌਰਾਨ ਨਸਲਵਾਦ ਦਾ ਸਾਹਮਣਾ ਕੀਤਾ ਸੀ।
ਸੂਨਕ ਤੋਂ ਬੀ.ਬੀ.ਸੀ. ਦੇ ਮਸ਼ਹੂਰ ‘ਟੈਸਟ ਮੈਚ ਸਪੈਸ਼ਲ’ ਰੇਡੀਓ ਪ੍ਰੋਗਰਾਮ ’ਚ ਜਦੋਂ ਇੰਗਲੈਂਡ ਅਤੇ ਵੇਲਸ ਕ੍ਰਿਕੇਟ ਬੋਰਡ (ਈ.ਸੀ.ਬੀ.) ’ਚ ਹਰ ਪੱਧਰ ’ਤੇ ਫੈਲੇ ਨਸਲਵਾਦ ਅਤੇ ਲਿੰਗਭੇਦ ਬਾਰੇ ਜਾਰੀ ਇਕ ਰੀਪੋਰਟ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਖ਼ੁਦ ਕ੍ਰਿਕੇਟ ’ਚ ਇਸ ਦਾ ਸਾਹਮਣਾ ਕਰਨ ਤੋਂ ਇਨਕਾਰ ਕਰ ਦਿਤਾ।
43 ਵਰ੍ਹਿਆਂ ਦੇ ਇਸ ਕ੍ਰਿਕੇਟ ਪ੍ਰਸ਼ੰਸਕ ਨੇ ਬੀ.ਬੀ.ਸੀ. ਦੇ ਕ੍ਰਿਕੇਟ ਰੀਪੋਰਟ ਜੋਨਾਥਨ ਐਂਗਰਿਊ ਦੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਮੈਂ ਕ੍ਰਿਕੇਟ ’ਚ ਅਜਿਹਾ ਮਹਿਸੂਸ ਨਹੀਂ ਕੀਤਾ, ਪਰ ਯਕੀਨੀ ਤੌਰ ’ਤੇ ਮੈਂ ਵੱਡੇ ਹੁੰਦਿਆਂ ਨਸਲਵਾਦ ਦਾ ਸਾਹਮਣਾ ਕੀਤਾ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਇਹ ਤੁਹਾਨੂੰ ਗੰਭੀਰ ਤਰੀਕੇ ਨਾਲ ਪ੍ਰਭਾਵਤ ਕਰਦਾ ਹੈ। ਮੈਂ ਇਕ ਅਜਿਹੇ ਪੇਸ਼ੇ ’ਚੋਂ ਹਾਂ ਜਿੱਥੇ ਮੈਨੂੰ ਰੋਜ਼ ਹਰ ਘੰਟੇ ਹਰ ਮਿੰਟ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਸਲਵਾਦ ਤੁਹਾਨੂੰ ਕਾਫ਼ੀ ਗੰਭੀਰ ਤਰੀਕੇ ਨਾਲ ਪ੍ਰਭਾਵਤ ਕਰਦਾ ਹੈ। ਇਹ ਬਹੁਤ ਦੁਖ ਪਹੁੰਚਾਉਂਦਾ ਹੈ।’’
ਸੂਨਕ ਨੇ ਕਿਹਾ ਕਿ ‘ਇੰਡੀਪੈਂਡੈਂਟ ਕਮਿਸ਼ਨ ਫ਼ਾਰ ਇਕੁਇਟੀ ਇਨ ਕ੍ਰਿਕੇਟ (ਆਈ.ਸੀ.ਈ.ਸੀ.)’ ਦੀ ਰੀਪੋਰਟ ਉਨ੍ਹਾਂ ਵਰਗੇ ਕ੍ਰਿਕੇਟ ਪ੍ਰੇਮੀਆਂ ਲਈ ‘ਕਾਫ਼ੀ ਦਰਦਨਾਕ’ ਹੈ।
ਪਿਛਲੇ ਦਿਨੀਂ ਜਾਰੀ ਇਸ ਰੀਪੋਰਟ ’ਚ ਸਵਾਲਾਂ ਦਾ ਜਵਾਬ ਦੇਣ ਵਾਲੇ 50 ਫ਼ੀ ਸਦੀ ਵਿਅਕਤੀਆਂ ਨੇ ਦਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਹ ਅੰਕੜਾ ਪਾਕਿਸਤਾਨੀ (87 ਫ਼ੀ ਸਦੀ), ਬੰਗਲਾਦੇਸ਼ੀ (82 ਫ਼ੀ ਸਦੀ) ਅਤੇ ਭਾਰਤੀ (75 ਫ਼ੀ ਸਦੀ) ਮੂਲ ਦੇ ਲੋਕਾਂ ’ਚ ਬਹੁਤ ਜ਼ਿਆਦਾ ਸੀ। ਰੀਪੋਰਟ ਦੇ ਨਿਚੋੜ ’ਚ ਕਿਹਾ ਗਿਆ ਸੀ ਕਿ ਕ੍ਰਿਕੇਟ ’ਚ ਨਸਲਵਾਦ ਡੂੰਘੀਆਂ ਜੜ੍ਹਾਂ ਜਮਾ ਚੁਕਿਆ ਹੈ। ਰੀਪੋਰਟ ’ਚ ਕਿਹਾ ਗਿਆ, ‘‘ਕ੍ਰਿਕੇਟ ’ਚ ਨਸਲਵਾਦ ਬਹੁਤ ਗੰਭੀਰ ਮੁੱਦਾ ਬਣ ਗਿਆ ਹੈ। ਇਸ ਨਾਲ ਕ੍ਰਿਕੇਟ ਖੇਡਣ ਵਾਲੇ ਕਈ ਲੋਕਾਂ ਦੇ ਤਜਰਬੇ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਮੌਕਿਆਂ ’ਤੇ ਅਸਰ ਪੈਂਦਾ ਹੈ।’’
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਈ.ਸੀ.ਬੀ. ਅਪਣੀ ਰੀਪੋਰਟ ਦੇ ਟੀਚਿਆਂ ’ਤੇ ਸਹੀ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਪਹਿਲੇ ਬ੍ਰਿਟਿਸ਼ ਭਾਰਤੀ ਪ੍ਰਧਾਨ ਮੰਤਰੀ ਬਣਨ ਨੂੰ ਨਸਲਵਾਦ ਨਾਲ ਨਜਿੱਠਣ ’ਚ ‘ਵੱਡੀ ਪੁਲਾਂਘ’ ਨਾਲ ਜੋੜਿਆ।
ਉਨ੍ਹਾਂ ਕਿਹਾ, ‘‘ਅੱਜ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਨੂੰ ਬਚਪਨ ’ਚ ਜਿਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਮੇਰੇ ਬੱਚਿਆਂ ਨਾਲ ਉਹ ਚੀਜ਼ਾਂ ਨਹੀਂ ਹੋਣਗੀਆਂ।’’