
ਇਕ ਅਤਿਵਾਦੀ ਢੇਰ, ਦੋ ਜ਼ਖ਼ਮੀ
ਇਸਲਾਮਾਬਾਦ: ਬਲੋਚਿਸਤਾਨ ਦੇ ਸ਼ੇਰਾਨੀ ਉਪ ਜ਼ਿਲ੍ਹੇ ਦੇ ਧਾਨਾ ਸਰ ਖੇਤਰ ਵਿਚ ਐਤਵਾਰ ਨੂੰ ਪੁਲਿਸ ਅਤੇ ਲੇਵੀਜ਼ ਦੀ ਚੌਕੀ ਉੱਤੇ ਹਮਲੇ ਵਿਚ ਤਿੰਨ ਪੁਲਿਸ ਅਧਿਕਾਰੀ ਅਤੇ ਇਕ ਫਰੰਟੀਅਰ ਕਾਂਸਟੇਬਲਰੀ (ਐਫ.ਸੀ.) ਦੇ ਜਵਾਨ ਦੀ ਮੌਤ ਹੋ ਗਈ ਜਦੋਂ ਕਿ ਇਕ ਅਤਿਵਾਦੀ ਨੂੰ ਮਾਰ ਦਿਤਾ ਗਿਆ। ਸ਼ੇਰਾਨੀ ਦੇ ਡਿਪਟੀ ਕਮਿਸ਼ਨਰ ਬਿਲਾਲ ਸ਼ਬੀਰ ਨੇ ਮੌਤਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਰਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਗੋਲੀਬਾਰੀ ਲਗਭਗ ਦੋ ਘੰਟੇ ਤਕ ਜਾਰੀ ਰਹੀ।
ਉਨ੍ਹਾਂ ਦਸਿਆ ਕਿ ਇਕ ਹੋਰ ਐਫ.ਸੀ. ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਗੋਲੀਬਾਰੀ ਦੌਰਾਨ ਇਕ ਅਤਿਵਾਦੀ ਮਾਰਿਆ ਗਿਆ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਡੀ.ਸੀ. ਸ਼ਬੀਰ ਨੇ ਅੱਗੇ ਕਿਹਾ, “ਜ਼ਖਮੀ ਅਤਿਵਾਦੀਆਂ ਦੇ ਸਾਥੀ ਉਨ੍ਹਾਂ ਨੂੰ ਦੂਰ ਲਿਜਾਣ ਵਿਚ ਸਫਲ ਹੋ ਗਏ। ਮਾਰੇ ਗਏ ਅਤਿਵਾਦੀ ਦੀ ਲਾਸ਼ ਸੀ.ਟੀ.ਡੀ. (ਕਾਊਂਟਰ-ਟੈਰੋਰਿਜ਼ਮ ਡਿਪਾਰਟਮੈਂਟ) ਨੂੰ ਸੌਂਪ ਦਿਤੀ ਗਈ ਹੈ।’’
ਪਾਕਿਸਤਾਨ ਨੇ ਪਿਛਲੇ ਸਾਲ ਨਵੰਬਰ ਵਿਚ ਗੈਰਕਾਨੂੰਨੀ ਟੀ.ਟੀ.ਪੀ. ਵਲੋਂ ਸਰਕਾਰ ਨਾਲ ਜੰਗਬੰਦੀ ਖਤਮ ਕਰਨ ਤੋਂ ਬਾਅਦ, ਖਾਸ ਕਰ ਕੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿਚ ਅਤਿਵਾਦੀ ਗਤੀਵਿਧੀਆਂ ਵਿਚ ਵਾਧਾ ਦੇਖਿਆ ਹੈ। ਇਕ ਦਿਨ ਪਹਿਲਾਂ ਹੀ ਇਕ ਪੁਲਿਸ ਕਾਂਸਟੇਬਲ ਕਵੇਟਾ ਦੇ ‘ਸਮਾਰਟ’ ਪੁਲਿਸ ਸਟੇਸ਼ਨ ’ਤੇ ਹੈਂਡ ਗ੍ਰਨੇਡ ਹਮਲੇ ’ਚ ਜ਼ਖਮੀ ਹੋ ਗਿਆ ਸੀ। 24 ਜੂਨ ਨੂੰ ਬਲੋਚਿਸਤਾਨ ਦੇ ਤਰਬਤ ਵਿਚ ਇਕ ਪੁਲਿਸ ਵੈਨ ’ਤੇ ਆਤਮਘਾਤੀ ਹਮਲੇ ਵਿਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ।
ਇਕ ਮਹੀਨਾ ਪਹਿਲਾਂ, ਪਾਕਿਸਤਾਨ-ਇਰਾਨ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਦੇ ਸਿੰਗਵਾਨ ਖੇਤਰ ਵਿਚ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੀ ਇਕ ਚੌਕੀ ’ਤੇ ਹਮਲਾ ਕੀਤਾ ਸੀ, ਜਿਸ ਵਿਚ ਦੋ ਜਵਾਨ ਸ਼ਹੀਦ ਹੋ ਗਏ ਸਨ। ਪਿਛਲੇ ਹਫ਼ਤੇ ਇਕ ਪ੍ਰੈਸ ਕਾਨਫਰੰਸ ਵਿਚ, ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਸੁਰਖਿਆ ਬਲਾਂ ਨੇ ਇਸ ਸਾਲ 13,619 ਖੁਫੀਆ ਕਾਰਵਾਈਆਂ ਕੀਤੀਆਂ, ਜਿਸ ਵਿਚ 1,172 ਅਤਿਵਾਦੀ ਮਾਰੇ ਗਏ ਜਾਂ ਗ੍ਰਿਫਤਾਰ ਕੀਤੇ ਗਏ।