
ਮਹਾਰਾਣੀ ਵਿਕਟੋਰੀਆ ਨੇ ਅਪਣੀਆਂ ਯਾਤਰਾਵਾਂ ਲਈ 1869 ’ਚ ਸ਼ੁਰੂ ਕੀਤੀ ਸੀ
Britain News: ਬ੍ਰਿਟੇਨ ਦੀ ‘ਰਾਇਲ ਟਰੇਨ’ ਜਲਦੀ ਹੀ ਆਖ਼ਰੀ ਵਾਰ ਸਟੇਸ਼ਨ ਤੋਂ ਰਵਾਨਾ ਹੋਵੇਗੀ। ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿੰਗ ਚਾਰਲਸ ਤੀਜੇ ਨੇ ਸਵੀਕਾਰ ਕੀਤਾ ਹੈ ਕਿ ਮਹਾਰਾਣੀ ਵਿਕਟੋਰੀਆ ਦੇ ਸਮੇਂ ਤੋਂ ਚੱਲ ਰਹੀ ਇਸ ਟਰੇਨ ਨੂੰ 156 ਸਾਲ ਬਾਅਦ ਬੰਦ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਇਸ ਦੀ ਸੰਚਾਲਨ ਲਾਗਤ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਹੋਰ ਉੱਨਤ ਰੇਲ ਪ੍ਰਣਾਲੀਆਂ ਲਈ ਮਹੱਤਵਪੂਰਨ ਤਬਦੀਲੀਆਂ ਦੀ ਲੋੜ ਹੋਵੇਗੀ। ਇਹ ਰਾਇਲ ਟਰੇਨ ਨੌਂ ਬੋਗੀਆਂ ਦਾ ਇਕ ਸੁਇਟ ਹੈ ਅਤੇ ਇਸ ਨੂੰ ਕਿਸੇ ਵੀ ਵਪਾਰਕ ਇੰਜਣ ਨਾਲ ਜੋੜਿਆ ਜਾ ਸਕਦਾ ਹੈ। ਇਸ ਦੀ ਸੇਵਾ 2027 ਵਿਚ ਇਸ ਦੇ ਮੌਜੂਦਾ ਰੱਖ-ਰਖਾਅ ਦੇ ਇਕਰਾਰਨਾਮੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਬੰਦ ਕਰ ਦਿਤੀ ਜਾਵੇਗੀ। ਇਹ ਟਰੇਨ 1869 ਵਿਚ ਮਹਾਰਾਣੀ ਵਿਕਟੋਰੀਆ ਦੁਆਰਾ ਅਪਣੀਆਂ ਯਾਤਰਾਵਾਂ ਲਈ ਸ਼ੁਰੂ ਕੀਤੀ ਗਈ ਸੀ। ਸ਼ਾਹੀ ਮਹਿਲ ਦੇ ਵਿੱਤੀ ਮਾਮਲਿਆਂ ਦੇ ਇੰਚਾਰਜ ਜੇਮਜ਼ ਚੈਲਮਰਸ ਨੇ ਕਿਹਾ,‘‘ਭਵਿੱਖ ਵੱਲ ਵਧਦੇ ਹੋਏ, ਸਾਨੂੰ ਅਤੀਤ ਨਾਲ ਨਹੀਂ ਬੰਨ੍ਹਣਾ ਚਾਹੀਦਾ।
ਜਿਵੇਂ ਸ਼ਾਹੀ ਪਰਵਾਰ ਦੇ ਹੋਰ ਕਾਰਜ ਆਧੁਨਿਕ ਹੋ ਗਏ ਹਨ, ਉਸੇ ਤਰ੍ਹਾਂ ਇਸ ਪਰੰਪਰਾ ਨੂੰ ਸਤਿਕਾਰ ਨਾਲ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।’’ ਇਸ ਫ਼ੈਸਲੇ ਦਾ ਐਲਾਨ ਸ਼ਾਹੀ ਖਰਚਿਆਂ ’ਤੇ ਪੈਲੇਸ ਦੀ ਸਾਲਾਨਾ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਸ਼ਾਹੀ ਪਰਵਾਰ ਨੂੰ ਲਗਾਤਾਰ ਚੌਥੇ ਸਾਲ ਜਨਤਕ ਫੰਡਿੰਗ ਵਿਚ 118 ਮਿਲੀਅਨ ਡਾਲਰ ਪ੍ਰਾਪਤ ਹੋਣਗੇ, ਜਿਸ ਵਿਚ ਮਾਰਚ 2026 ਤਕ 12 ਮਹੀਨਿਆਂ ਦੌਰਾਨ ਬਕਿੰਘਮ ਪੈਲੇਸ ਦੀ ਮੁਰੰਮਤ ਲਈ 43.8 ਮਿਲੀਅਨ ਡਾਲਰ ਸ਼ਾਮਲ ਹਨ।