
ਵੀਡੀਓ ’ਚ ਪੀੜਤ ਅਗਵਾਕਾਰਾਂ ਨੂੰ ਛੱਡਣ ਦੀ ਗੁਹਾਰ ਲਗਾ ਰਿਹਾ ਹੈ ਤੇ ਅਪਣੇ ਪ੍ਰਵਾਰ ਨੂੰ ਅਗਵਾਕਾਰਾਂ ਨੂੰ ਰੁਪਏ ਦੇਣ ਲਈ ਕਹਿ ਰਿਹਾ ਹੈ।
ਪਾਕਿਸਤਾਨ : ਪਾਕਿਸਤਾਨ ਵਿਚ ਹਿੰਦੂ ਘੱਟ-ਗਿਣਤੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਆਏ ਦਿਨ ਉਨ੍ਹਾਂ ਨੂੰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਇਕ ਹਿੰਦੂ ਵਪਾਰੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਸੀ, ਹੁਣ ਉਸ ਦੇ ਪ੍ਰਵਾਰਕ ਮੈਂਬਰਾਂ ਕੋਲੋਂ ਉਸ ਨੂੰ ਛੱਡਣ ਲਈ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਅਗਵਾਕਾਰਾਂ ਨੇ ਬੰਧਕ ਬਣਾਏ ਗਏ ਵਪਾਰੀ ਦੀ ਇਕ ਵੀਡੀਓ ਉਸ ਦੇ ਬੇਟੇ ਨੂੰ ਭੇਜੀ ਹੈ, ਜਿਸ ਵਿਚ ਉਹ ਗੰਨ ਪੁਆਇੰਟ ’ਤੇ ਦਿਖਾਈ ਦੇ ਰਿਹਾ ਹੈ ਤੇ ਉਸ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ।
ਕੀ ਹੈ ਪੂਰਾ ਮਾਮਲਾ ?
ਮਿਲੀ ਜਾਣਕਾਰੀ ਅਨੁਸਾਰ 20 ਜੂਨ ਨੂੰ ਸਿੰਧ ਦੇ ਕਾਸ਼ਮੋਰ ਜ਼ਿਲ੍ਹੇ ਦੇ ਬਕਸ਼ਪੁਰ ਇਲਾਕੇ ਤੋਂ ਹਿੰਦੂ ਵਪਾਰੀ ਜਗਦੀਸ਼ ਕੁਮਾਰ ਮੁੱਕੀ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਵਾਪਸ ਪਰਤ ਰਿਹਾ ਸੀ। ਉਨ੍ਹਾਂ ਦੇ ਪ੍ਰਵਾਰ ਵਲੋਂ 21 ਜੂਨ ਕਾਸ਼ਮੋਰ ਪੁਲਿਸ ਸਟੇਸ਼ਨ ਵਿਚ ਅਤੇ 23 ਜੂਨ ਨੂੰ ਕਰਾਚੀ ਪੁਲਿਸ ਹੈਡਕੁਆਰਟਰ ਵਿਚ ਇਕ ਰਿਪੋਰਟ ਦਰਜ ਕਰਵਾਈ ਗਈ ਸੀ।
ਹੁਣ ਬੀਤੀ 31 ਜੁਲਾਈ ਨੂੰ ਜਗਦੀਸ਼ ਕੁਮਾਰ ਦੇ ਪੁੱਤਰ ਨਰੇਸ਼ ਕੁਮਾਰ ਨੂੰ ਇਕ ਵੀਡੀਓ ਭੇਜੀ ਗਈ ਹੈ, ਜਿਸ ਵਿਚ ਜਗਦੀਸ਼ ਕੁਮਾਰ ਨੂੰ ਗਰਦਨ, ਹੱਥ ਤੇ ਪੈਰਾਂ ਵਿਚ ਜੰਜ਼ੀਰਾਂ ਨਾਲ ਬੰਨ੍ਹ ਕੇ ਜਕੜਿਆ ਹੋਇਆ ਦਿਖਾਇਆ ਗਿਆ ਹੈ। ਉਸ ਦੇ ਸਿਰ 'ਤੇ ਲਾਠੀਆਂ ਨਾਲ ਵਾਰ ਕੀਤੇ ਜਾ ਰਹੇ ਸਨ ਅਤੇ ਕੋਈ ਅਣਪਛਾਤਾ ਸਿਰ ’ਤੇ ਬੰਦੂਕ ਤਾਣੀ ਹੋਏ ਹੈ। ਵੀਡੀਓ ’ਚ ਪੀੜਤ ਅਗਵਾਕਾਰਾਂ ਨੂੰ ਛੱਡਣ ਦੀ ਗੁਹਾਰ ਲਗਾ ਰਿਹਾ ਹੈ। ਇਸ ਦੇ ਨਾਲ ਹੀ ਅਪਣੇ ਪ੍ਰਵਾਰ ਨੂੰ ਅਗਵਾਕਾਰਾਂ ਨੂੰ ਰੁਪਏ ਦੇਣ ਲਈ ਕਹਿ ਰਿਹਾ ਹੈ।