
ਪਾਕਿਸਤਾਨ ਦੇ ਸਿਆਸੀ ਦਲ ਮੁੱਤਾਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ਼ ਹੁਸੈਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਅਹਿਮਦਾਬਾਦ : ਪਾਕਿਸਤਾਨ ਦੇ ਸਿਆਸੀ ਦਲ ਮੁੱਤਾਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ਼ ਹੁਸੈਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਮਸ਼ਹੂਰ ਸ਼ਾਇਰ ਅਤੇ ਫਿਲਾਸਫਰ ਅੱਲਾਮਾ ਇਕਬਾਲ ਦੇ ਲਿਖੇ ਗੀਤ ‘ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ’ ਗਾਉਂਦੇ ਹੋਏ ਦਿਖਾਏ ਦੇ ਰਹੇ ਹਨ। ਅਲਤਾਫ਼ ਹੁਸੈਨ ਦਾ ਇਹ ਗਾਣਾ ਅਜਿਹੇ ਸਮੇਂ ਸਾਹਮਣੇ ਆਇਐ ਜਦੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਦੋਵੇਂ ਦੇਸ਼ਾਂ ਦੇ ਨੇਤਾਵਾਂ ਇਕ ਦੂਜੇ ਨੂੰ ਪਰਮਾਣੂ ਯੁੱਧ ਦੀਆਂ ਧਮਕੀਆਂ ਤਕ ਦੇ ਰਹੇ ਹਨ।
ਅਲਤਾਫ਼ ਹੁਸੈਨ ਨੇ ਇਹ ਗਾਣਾ ਲੰਡਨ ਵਿਚ ਗਾਇਆ, ਜਿਸ ਮਗਰੋਂ ਉਨ੍ਹਾਂ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ’ਤੇ ਤਿੱਖਾ ਨਿਸ਼ਾਨਾ ਵੀ ਸਾਧਿਆ। ਅਲਤਾਫ਼ ਹੁਸੈਨ ਪਾਕਿਸਤਾਨ ਵਿਚ ਮੁਹਾਜਿਰਾਂ ਯਾਨੀ ਕਿ ਭਾਰਤ ਤੋਂ ਪਾਕਿਸਤਾਨ ਗਏ ਮੁਸਲਮਾਨਾਂ ਦੇ ਨੇਤਾ ਹਨ ਅਤੇ ਉਨ੍ਹਾਂ ਨੂੰ ਭਾਰਤ ਵੰਡ ਦੇ ਅਲੋਚਕ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਅਲਤਾਫ਼ ਨੇ ਅਪਣੀ ਪਾਰਟੀ 'ਤੇ ਵਿਆਪਕ ਕਾਰਵਾਈ ਤੋਂ ਬਾਅਦ ਪਾਕਿਸਤਾਨ ਛੱਡ ਦਿੱਤਾ ਸੀ। ਉਹ 1992 ਤੋਂ ਬ੍ਰਿਟੇਨ ਵਿਚ ਹੀ ਰਹਿ ਰਹੇ ਨੇ ਅਤੇ ਉਥੋਂ ਹੀ ਅਪਣੀ ਪਾਰਟੀ ਐਮਕਿਊਐਮ ਦਾ ਕੰਮਕਾਜ ਦੇਖਦੇ ਹਨ। ਪਾਕਿਸਤਾਨ ਦੀ ਇਕ ਅਦਾਲਤ ਨੇ 2015 ਵਿਚ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਅਲਤਾਫ਼ ’ਤੇ ਪਾਕਿਸਤਾਨ ਵਿਚ ਹੱਤਿਆ, ਹਿੰਸਾ ਭੜਕਾਉਣ, ਦੇਸ਼ ਧ੍ਰੋਹ ਅਤੇ ਹੇਟ ਸਪੀਡ ਦੇ ਦੋਸ਼ ਲਗਾਏ ਗਏ ਹਨ। ਹੋਰ ਤਾਂ ਹੋਰ ਅਦਾਲਤ ਨੇ ਪਾਕਿਸਤਾਨ ਵਿਚ ਅਲਤਾਫ਼ ਦੀ ਤਸਵੀਰ, ਵੀਡੀਓ ਜਾਂ ਬਿਆਨ ਮੀਡੀਆ ਵਿਚ ਦਿਖਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਭਾਵੇਂ ਕਿ ਅਲਤਾਫ਼ ਦੀ ਗ੍ਰਿਫ਼ਤਾਰੀ ਲਈ ਪਾਕਿ ਕਈ ਵਾਰ ਬ੍ਰਿਟੇਨ ਤਕ ਵੀ ਪਹੁੰਚ ਕਰ ਚੁੱਕਿਆਂ ਹੈ ਪਰ ਬ੍ਰਿਟੇਨ ਦਾ ਕਹਿਣੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ। ਜਿਸ ਤੋਂ ਇਹ ਸਾਬਤ ਹੋ ਸਕੇ ਕਿ ਅਲਤਾਫ਼ ਨੇ ਬ੍ਰਿਟਿਸ਼ ਕਾਨੂੰਨ ਦਾ ਉਲੰਘਣ ਕੀਤਾ। ਫਿਲਹਾਲ ਅਲਤਾਫ਼ ਵੱਲੋਂ ਭਾਰਤ ਦੇ ਸਮਰਥਨ ਵਿਚ ਗਾਇਆ ਗਾਣਾ ਕਾਫ਼ੀ ਵਾਇਰਲ ਹੋ ਰਿਹਾ ਹੈ।