
ਫੌਜ ਦੇ ਰਸਤੇ ਬੰਦ, ਵਿਰੋਧ ਪ੍ਰਦਰਸ਼ਨ 'ਚ 12 ਮਾਰੇ ਗਏ, 100 ਜ਼ਖਮੀ
ਮੁਜਫ਼ਰਾਬਾਦ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਵਿੱਚ ਜ਼ਰੂਰੀ ਵਸਤੂਆਂ ਲਈ ਸਬਸਿਡੀ ਵਿੱਚ ਕਟੌਤੀ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ 25 ਸੁਰੱਖਿਆ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਹੈ। ਇਨ੍ਹਾਂ ਸੈਨਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਜਾ ਰਿਹਾ ਹੈ, ਜੋ ਸੁਰੱਖਿਆ ਬਲਾਂ ਨੂੰ ਸਿੱਧੀ ਕਾਰਵਾਈ ਕਰਨ ਤੋਂ ਰੋਕ ਰਹੇ ਹਨ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਖੁਫੀਆ ਏਜੰਸੀਆਂ ਵਿਰੋਧ ਪ੍ਰਦਰਸ਼ਨ ਨੂੰ ਤੋੜਨ ਲਈ ਗੁਪਤ ਹਮਲੇ ਕਰ ਰਹੀਆਂ ਹਨ। ਸਾਦੇ ਕੱਪੜਿਆਂ ਵਿੱਚ ਅਣਪਛਾਤੇ ਵਿਅਕਤੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਭੀੜ ਵਿੱਚ ਦਹਿਸ਼ਤ ਪੈਦਾ ਕਰਦੇ ਹਨ।
ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੁੱਧਵਾਰ ਨੂੰ ਨਿਹੱਥੇ ਲੋਕਾਂ 'ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਅੱਠ ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋਏ। ਚਾਰ ਦਿਨਾਂ ਤੋਂ ਚੱਲ ਰਹੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੁਣ ਤੱਕ 12 ਲੋਕ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਬਾਗ ਜ਼ਿਲ੍ਹੇ ਦੇ ਧੀਰਕੋਟ ਵਿੱਚ ਚਾਰ, ਮੁਜ਼ੱਫਰਾਬਾਦ ਵਿੱਚ ਦੋ ਅਤੇ ਮੀਰਪੁਰ ਵਿੱਚ ਦੋ ਲੋਕ ਮਾਰੇ ਗਏ।
ਇਹ ਵਿਰੋਧ ਪ੍ਰਦਰਸ਼ਨ ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ (JKJAAC) ਦੇ ਸੱਦੇ 'ਤੇ ਕੀਤੇ ਜਾ ਰਹੇ ਹਨ। ਪ੍ਰਦਰਸ਼ਨਕਾਰੀ ਸਰਕਾਰ 'ਤੇ ਮੌਲਿਕ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾ ਰਹੇ ਹਨ।
ਲੋਕਾਂ ਦੀ ਇੱਕ ਭੀੜ ਅੱਜ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਵੱਲ ਮਾਰਚ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਸਾਹਮਣੇ 38 ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਮਕਬੂਜ਼ਾ ਕਸ਼ਮੀਰ ਵਿਧਾਨ ਸਭਾ ਵਿੱਚ 12 ਰਾਖਵੀਆਂ ਸੀਟਾਂ ਨੂੰ ਖਤਮ ਕਰਨਾ ਵੀ ਸ਼ਾਮਲ ਹੈ।