
ਅਤਿਵਾਦ ਦੁਨੀਆਂ ਵਿਚ ਯੁੱਧ ਛੇੜਨ ਦੇ ਇਕ ਤਰੀਕੇ ਦੇ ਰੂਪ 'ਚ ਸਾਹਮਣੇ ਆਇਆ
ਸੰਯੁਕਤ ਰਾਸ਼ਟਰ, 2 ਦਸੰਬਰ : ਭਾਰਤ ਨੇ ਕਿਹਾ ਕਿ ਅਤਿਵਾਦ ਭਾਰਤ ਵਿਚ ਯੁੱਧ ਛੇੜਨ ਦੇ ਇਕ ਤਰੀਕੇ ਦੇ ਰੂਪ ਵਿਚ ਸਾਹਮਣੇ ਆਇਆ ਹੈ ਅਤੇ ਇਸ ਨਾਲ ਧਰਤੀ 'ਤੇ ਉਸੇ ਤਰ੍ਹਾਂ ਦਾ ਮਨੁੱਖੀ ਕਤਲਾਂ ਦੇ ਹੋਣ ਦਾ ਖ਼ਤਰਾ ਹੈ, ਜੋ ਦੋਹਾਂ ਵਿਸ਼ਵ ਯੁੱਧਾਂ ਦੌਰਾਨ ਦੇਖਿਆ ਗਿਆ ਸੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਆਸ਼ੀਸ਼ ਸ਼ਰਮਾ ਨੇ ਸੋਮਵਾਰ ਨੂੰ ਕਿਹਾ,''ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਦੇ 75 ਸਾਲ ਪੂਰੇ ਹੋਣਾ, ਸਾਨੂੰ ਸੰਯੁਕਤ ਰਾਸ਼ਟਰ ਦੇ ਮਕਸਦ ਅਤੇ ਇਸ ਦੇ ਸਿਧਾਂਤਾਂ ਪ੍ਰਤੀ ਪ੍ਰਤੀਬਧਤਾ ਦੀ ਦੁਬਾਰਾ ਪੁਸ਼ਟੀ ਕਰਨ ਦਾ ਮੌਕਾ ਦਿੰਦਾ ਹੈ। ਸੰਯੁਕਤ ਰਾਸ਼ਟਰ ਦਾ ਮਕਸਦ ਯੁੱਧ ਦੇ ਸਰਾਪ ਤੋਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ।''
ਸ਼ਰਮਾ ਨੇ ਦੂਜੇ ਵਿਸ਼ਵ ਯੁੱਧ ਦੇ ਪੀੜਤਾਂ ਦੇ ਸਨਮਾਨ ਵਿਚ ਕਰਵਾਈ ਵਿਸ਼ੇਸ਼ ਬੈਠਕ ਵਿਚ ਕਿਹਾ, ''ਅਤਿਵਾਦ ਸਮਕਾਲੀ ਦੁਨੀਆਂ ਵਿਚ ਯੁੱਧ ਛੇੜਨ ਦੇ ਇਕ ਤਰੀਕੇ ਦੇ ਰੂਪ ਵਿਚ ਸਾਹਮਣੇ ਆਇਆ ਹੈ। ਇਸ ਨਾਲ ਦੁਨੀਆਂ ਵਿਚ ਉਸੇ ਤਰ੍ਹਾਂ ਦੀ ਮਨੁੱਖੀ ਕਤਲੋਗ਼ੈਰਤ ਹੋਵੇਗੀ ਜੋ ਅਸੀਂ ਦੋਹਾਂ ਵਿਸ਼ਵ ਯੁੱਧਾਂ ਦੌਰਾਨ ਦੇਖੀ ਸੀ। ਅਤਿਵਾਦ ਇਕ ਆਲਮੀ ਸਮੱਸਿਆ ਹੈ ਅਤੇ ਆਲਮੀ ਪੱਧਰ 'ਤੇ ਯਤਨਾਂ ਰਾਹੀਂ ਹੀ ਇਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ।'' ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਯੁੱਧ ਛੇੜਨ ਦੇ ਸਮਕਾਲੀਰੂਪਾਂ ਨਾਲ ਲੜਨ ਅਤੇ ਜ਼ਿਆਦਾ ਸ਼ਾਂਤੀਪੂਰਨ ਅਤੇ ਸੁਰੱਖਿਅਤ ਦੁਨੀਆਂ ਯਕੀਨੀ ਕਰਨ ਲਈ ਅਪਣੇ ਆਪ ਨੂੰ ਸਮਰਪਤ ਕਰਨ। (ਪੀਟੀਆਈ)
ਭਾਰਤੀ ਫ਼ੌਜ, ਇਤਿਹਾਸ ਦਾ ਸੱਭ ਤੋਂ ਵੱਡਾ ਸਵੈ ਸੇਵੀ ਬਲ
ਸ਼ਰਮਾਂ ਨੇ ਕਿਹਾ ਕਿ ਭਾਰਤੀ ਫ਼ੌਜ, ਇਤਿਹਾਸ ਦਾ ਸੱਭ ਤੋਂ ਵੱਡਾ ਸਵੈ ਸੇਵੀ ਬਲ ਹੈ, ਜਿਸ ਦੇ 87,000 ਜਵਾਨਾਂ ਦੀ ਜਾਨ ਗਈ ਜਾਂ ਉਹ ਲਾਪਤਾ ਹੋ ਗਏ ਅਤੇ ਲੱਖਾਂ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ। ਸ਼ਰਮਾਂ ਨੇ ਕਿਹਾ,''ਅਸੀਂ ਸਾਡੇ ਏਸ਼ਿਆਈ, ਅਫ਼ਰੀਕੀ ਅਤੇ ਅਰਬ ਭਰਾਵਾਂ ਦੀ ਸ਼ਹਾਦਤ ਨੂੰ ਵੀ ਨਹੀਂ ਭੁਲਾ ਸਕਦੇ, ਜੋ ਮਿੱਤਰ ਤਾਕਤਾਂ ਦੀ ਆਜ਼ਾਦੀ ਲਈ ਲੜੇ ਅਤੇ ਮਾਰੇ ਗਏ, ਜਦੋਂਕਿ ਉਹ ਬਸਤੀਵਾਦੀ ਸ਼ਾਸਨ ਦੇ ਗ਼ਲਾਮ ਸਨ।'' ਸ਼ਰਮਾਂ ਨੇ ਦੁਨੀਆਂ ਨੂੰ ਬਚਾਉਣ ਲਈ ਲੜਨ ਵਾਲੇ ਸਾਰੇ ਦੇਸ਼ਾਂ ਦੇ ਬਹਾਦਰ ਲੋਕਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਇਹ 'ਨਿਰਾਸ਼ਾਜਨਕ' ਹੈ ਕਿ ਬਸਤੀਵਾਦੀ ਜਗਤ ਦੇ ਹਜ਼ਾਰਾਂ ਸਵੈ ਸੇਵਕਾਂ ਦੇ ਯੁੱਧ ਵਿਚ ਯੋਗਦਾਨ ਦੇ ਬਾਵਜੂਦ ਉਨ੍ਹਾਂ ਨੂੰ ਯੋਗ ਸਨਮਾਨ ਅਤੇ ਸਮਾਨਤਾ ਨਹੀਂ ਦਿਤੀ ਗਈ।