ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਨਾਕਾਮ ਕੀਤੀ ਸਾਜ਼ਿਸ਼, ਆਈ.ਐਸ.ਆਈ.ਐਸ. ਦੇ ਅੱਤਵਾਦੀ ਨੂੰ ਕੀਤਾ ਕਾਬੂ
ਵਾਸ਼ਿੰਗਟਨ : ਅਮਰੀਕਾ ਵਿੱਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਨਿਊ ਈਅਰ 'ਤੇ ਅੱਤਵਾਦੀ ਹਮਲਾ ਕੀਤਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਈ.ਐਸ.ਆਈ.ਐਸ ਸਮਰਥਕ ਨੌਜਵਾਨ ਨੂੰ ਕਾਬੂ ਲਿਆ ਗਿਆ । ਮੁਲਜ਼ਮ ਦੀ ਗ੍ਰਿਫ਼ਤਾਰੀ ਨੌਰਥ ਕੈਰੋਲਾਈਨਾ ਦੇ ਮਿੰਟ ਹਿੱਲ ਇਲਾਕੇ ਤੋਂ ਹੋਈ ਹੈ ਅਤੇ ਉਸ ਦੀ ਉਮਰ 18 ਸਾਲ ਅਤੇ ਨਾਮ ਕ੍ਰਿਸ਼ਚਨ ਸਟਰਡੀਵੈਂਟ ਹੈ । ਕ੍ਰਿਸ਼ਚਨ ਦੀ ਡਾਇਰੀ ਤੋਂ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਸੂਤਰਾਂ ਅਨੁਸਾਰ ਕ੍ਰਿਸ਼ਚਨ ਸਟਰਡੀਵੈਂਟ ਸੀਰੀਆ ਦੇ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਦਾ ਸਮਰਥਕ ਹੈ। ਸੰਗਠਨ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਉਸ ਨੇ ਆਪਣੇ ਆਪ ਨੂੰ ਆਈ.ਐਸ.ਆਈ.ਐਸ ਦਾ ਸਿਪਾਹੀ (ਅੱਤਵਾਦੀ) ਕਹਿਣਾ ਸ਼ੁਰੂ ਕਰ ਦਿੱਤਾ ਸੀ। ਕ੍ਰਿਸ਼ਚਨ ਨੇ ਦਸੰਬਰ 2025 ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਗੈਰ-ਮੁਸਲਿਮ ਸਮੁਦਾਇਆਂ ਵਿਰੁੱਧ ਨਫ਼ਰਤ ਭਰੀ ਭਾਸ਼ਾ ਵਰਤ ਕੇ ਪੋਸਟਾਂ ਲਿਖੀਆਂ ਸਨ। ਅਮਰੀਕੀ ਪੁਲਿਸ ਨੇ ਆਨਲਾਈਨ ਸੋਸ਼ਲ ਮੀਡੀਆ ਅਕਾਊਂਟਸ ਦੀ ਨਿਗਰਾਨੀ ਕਰਦੇ ਹੋਏ ਕ੍ਰਿਸ਼ਚਨ ਦੀਆਂ ਪੋਸਟਾਂ ਪੜ੍ਹੀਆਂ ਤਾਂ ਸ਼ੱਕ ਹੋਇਆ। ਜਾਂਚ ਏਜੰਸੀਆਂ ਮੁਤਾਬਕ, ਉਸ ਨੇ ਜਿਹਾਦ ਦੀ ਗੱਲ ਕਰਦੇ ਹੋਏ ਆਈ.ਐਸ.ਆਈ.ਐਸ ਦੇ ਸਮਰਥਨ ਵਿੱਚ ਪੋਸਟਾਂ ਲਿਖੀਆਂ ਸਨ, ਇਸ ਲਈ ਜਾਂਚ ਏਜੰਸੀਆਂ ਨੇ ਕ੍ਰਿਸ਼ਚਨ ਬਾਰੇ ਪਤਾ ਲਗਾਇਆ ਅਤੇ 29 ਦਸੰਬਰ ਨੂੰ ਉਸ ਦੇ ਨੌਰਥ ਕੈਰੋਲਾਈਨਾ ਵਿੱਚ ਘਰ 'ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਕ੍ਰਿਸ਼ਚਨ ਦੀ ਡਾਇਰੀ ਹੱਥ ਲੱਗੀ, ਜਿਸ 'ਤੇ ਨਵਾਂ ਸਾਲ ਹਮਲਾ 2026 ਲਿਖਿਆ ਸੀ। ਇਸ ਵਿੱਚ ਉਸ ਨੇ ਨੌਰਥ ਕੈਰੋਲਾਈਨਾ ਵਿੱਚ ਹੀ ਇੱਕ ਰੈਸਟੋਰੈਂਟ ਅਤੇ ਸਟੋਰ 'ਤੇ ਹਮਲਾ ਕਰਕੇ ਲਗਭਗ 20 ਲੋਕਾਂ ਦੀ ਹੱਤਿਆ ਕਰਨ ਦੀ ਯੋਜਨਾ ਵਿਸਥਾਰ ਨਾਲ ਲਿਖੀ ਸੀ। ਜ਼ਿਕਰਯੋਗ ਹੈ ਕਿ ਇਸ ਹਰਕਤ ਲਈ ਕ੍ਰਿਸ਼ਚਨ ਨੂੰ ਜ਼ਿੰਦਗੀ ਦੇ 20 ਸਾਲ ਜੇਲ੍ਹ ਵਿੱਚ ਬਿਤਾਉਣੇ ਪੈ ਸਕਦੇ ਹਨ।
