
14 ਔਰਤਾਂ ਅਤੇ ਇੱਕ ਪੁਰਸ਼ ਦੀ ਮੌਤ
ਦਮਿਸ਼ਕ: ਉੱਤਰੀ ਸੀਰੀਆ ਦੇ ਇੱਕ ਸ਼ਹਿਰ ਦੇ ਬਾਹਰਵਾਰ ਇੱਕ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 15 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਸਥਾਨਕ ਸਿਵਲ ਸੁਰੱਖਿਆ ਏਜੰਸੀ ਅਤੇ ਇੱਕ ਯੁੱਧ ਨਿਗਰਾਨੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
ਸਥਾਨਕ ਸੀਰੀਆਈ ਸਿਵਲ ਡਿਫੈਂਸ ਵਿਭਾਗ ਨੇ ਦੱਸਿਆ ਕਿ ਮਨਬਿਜ ਸ਼ਹਿਰ ਦੇ ਬਾਹਰਵਾਰ ਖੇਤੀਬਾੜੀ ਕਾਮਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ, ਜਿਸ ਵਿੱਚ 14 ਔਰਤਾਂ ਅਤੇ ਇੱਕ ਪੁਰਸ਼ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ 15 ਔਰਤਾਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
ਇਸ ਦੌਰਾਨ, ਯੁੱਧ ਨਿਗਰਾਨੀ ਸਮੂਹ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ 18 ਔਰਤਾਂ ਅਤੇ ਇੱਕ ਆਦਮੀ ਮਾਰੇ ਗਏ ਹਨ। ਇਸ ਸੰਸਥਾ ਦਾ ਮੁੱਖ ਦਫਤਰ ਬ੍ਰਿਟੇਨ ਵਿੱਚ ਹੈ। ਦਸੰਬਰ ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਗੱਦੀਓਂ ਲਾਹ ਦਿੱਤੇ ਜਾਣ ਤੋਂ ਬਾਅਦ ਉੱਤਰ-ਪੂਰਬੀ ਅਲੇਪੋ ਸੂਬੇ ਦੇ ਮਨਬਿਜ ਵਿੱਚ ਹਿੰਸਾ ਜਾਰੀ ਹੈ। ਤੁਰਕੀ-ਸਮਰਥਿਤ ਸਮੂਹ, ਜਿਨ੍ਹਾਂ ਨੂੰ ਸੀਰੀਅਨ ਨੈਸ਼ਨਲ ਆਰਮੀ ਵਜੋਂ ਜਾਣਿਆ ਜਾਂਦਾ ਹੈ, ਅਮਰੀਕਾ-ਸਮਰਥਿਤ ਕੁਰਦਿਸ਼-ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਨਾਲ ਟਕਰਾਅ ਜਾਰੀ ਰੱਖਦੇ ਹਨ।