
Trade War: ਬ੍ਰਿਟਿਸ਼ ਕੋਲੰਬੀਆ ਦੇ ਸਰਕਾਰੀ ਸਟੋਰਾਂ ’ਚੋਂ ਅਮਰੀਕੀ ਸ਼ਰਾਬ ਹਟਾਈ
Trade War: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਮੈਕਸੀਕੋ, ਕੈਨੇਡਾ ਅਤੇ ਚੀਨ ’ਤੇ ਸਖ਼ਤ ਟੈਰਿਫ਼ ਲਗਾਉਣ ਦੇ ਹੁਕਮਾਂ ਬਾਅਦ ਦੇਸ਼ਾਂ ’ਚ ਵਪਾਰ ਜੰਗ ਸ਼ੁਰੂ ਹੋ ਗਈ। ਜਿਸ ਦੇ ਜਵਾਬ ’ਚ ਕੈਨੇਡਾ ਅਤੇ ਮੈਕਸੀਕੋ ਨੇ ਵੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 155 ਅਰਬ ਡਾਲਰ ਤਕ ਦੇ ਅਮਰੀਕੀ ਆਯਾਤ ’ਤੇ 25% ਦੇ ਬਰਾਬਰ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਟੈਰਿਫ਼ ਨੇ ਮਹਿੰਗਾਈ, ਆਰਥਕ ਵਿਕਾਸ ਅਤੇ ਵਪਾਰ ਜੰਗ ਦੀ ਸੰਭਾਵਨਾ ਬਾਰੇ ਚਿੰਤਾਵਾਂ ਪੈਦਾ ਕਰ ਦਿਤੀਆਂ ਹਨ।
ਅਮਰੀਕਾ ਅਤੇ ਕੈਨੇਡਾ ਵਲੋਂ ਇਕ-ਦੂਜੇ ’ਤੇ ਟੈਰਿਫ਼ ਲਗਾਉਣ ਨਾਲ ਦੋਵੇਂ ਮੁਲਕਾਂ ਦੇ ਵਪਾਰੀਆਂ ਦੇ ਮੱਥਿਆਂ ’ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਹਨ। ਸਟੀਲ ਵਪਾਰੀਆਂ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਵਸਤਾਂ ਹਨ ਜੋ ਤਿਆਰੀ ਤੋਂ ਪਹਿਲਾਂ ਦੋ-ਤਿੰਨ ਵਾਰ ਆਰ-ਪਾਰ ਦਾ ਸਫ਼ਰ ਕਰਦੀਆਂ ਹਨ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਟੈਰਿਫ਼ ਕਾਰਨ ਉਤਪਾਦਕਾਂ ਲਈ ਸੰਕਟ ਖੜ੍ਹਾ ਹੋ ਜਾਵੇਗਾ। ਅਮਰੀਕਾ ਦਾ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਅਮਲਾ ਟੈਰਿਫ਼ ਬਾਰੇ ਦਿਸ਼ਾ-ਨਿਰਦੇਸ਼ ਨਾ ਹੋਣ ਕਰ ਕੇ ਉਹ ਟਰੱਕਾਂ ਨੂੰ ਲੰਘਣ ਦੇਣ ਜਾਂ ਰੋਕਣ ਬਾਰੇ ਦੁਚਿੱਤੀ ’ਚ ਫਸੇ ਰਹੇ। ਇਸ ਕਾਰਨ ਸਰਹੱਦੀ ਲਾਂਘਿਆਂ ’ਤੇ ਟਰੱਕਾਂ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ। ਕੁਝ ਟਰੱਕਾਂ ਵਾਲਿਆਂ ਨੇ ਦਸਿਆ ਕਿ ਉਨ੍ਹਾਂ ਲਈ ਉਹ ਘੰਟੇ ਬੜੇ ਔਖੇ ਸਨ। ਦੁਵੱਲੇ ਵਪਾਰ ਨਾਲ ਸਬੰਧਤ ਕੁਝ ਮਾਹਰਾਂ ਨੇ ਦਸਿਆ ਕਿ ਟੈਰਿਫ ਦਾ ਇਹ ਮਾਮਲਾ ਬਹੁਤੀ ਦੇਰ ਨਹੀਂ ਚੱਲ ਸਕਦਾ ਹੈ।
ਬੀਸੀ ਦੇ ਸਰਕਾਰੀ ਸਟੋਰਾਂ ’ਚੋਂ ਅਮਰੀਕੀ ਸ਼ਰਾਬ ਹਟਾਈ
ਬ੍ਰਿਟਿਸ਼ ਕੋਲੰਬੀਆ (ਬੀਸੀ) ਦੇ ਪ੍ਰੀਮੀਅਰ ਡੇਵਿਡ ਏਬੀ ਨੇ ਸੂਬੇ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਅਮਰੀਕਾ ਤੋਂ ਸ਼ਰਾਬ ਖ਼੍ਰੀਦਣਾ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਟੈਕਸ ਥੋਪੇ ਜਾਣ ਦੇ ਰੋਸ ਵਜੋਂ ਉਹ ਸਰਕਾਰੀ ਸਟੋਰਾਂ ’ਚੋਂ ਅਮਰੀਕੀ ਸ਼ਰਾਬ ਹਟਾ ਰਹੇ ਹਨ। ਟੀਵੀ ’ਤੇ ਦਿਤੇ ਸੁਨੇਹੇ ’ਚ ਏਬੀ ਨੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ‘ਭਰੋਸੇਯੋਗ ਭਾਈਵਾਲ ਅਤੇ ਦੋਸਤ ਵਿਰੁਧ ਆਰਥਕ ਜੰਗ ਦਾ ਐਲਾਨ’ ਕਰਾਰ ਦਿਤਾ।