ਮੀਂਹ ਕਾਰਨ ਕਈ ਮਕਾਨ ਢਹਿ ਗਏ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ
ਪੇਸ਼ਾਵਰ: ਪਾਕਿਸਤਾਨ ’ਚ ਪਿਛਲੇ 48 ਘੰਟਿਆਂ ਦੌਰਾਨ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਮਕਾਨ ਢਹਿ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਮੀਂਹ ਕਾਰਨ ਕਈ ਮਕਾਨ ਢਹਿ ਗਏ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ, ਖ਼ਾਸਕਰ ਖੈਬਰ ਪਖਤੂਨਖਵਾ ਸੂਬੇ ਦੇ ਉੱਤਰ-ਪਛਮੀ ਹਿੱਸੇ ਵਿਚ।
ਸੂਬੇ ਦੀ ਬਿਪਤਾ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਵੀਰਵਾਰ ਰਾਤ ਤੋਂ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਖੈਬਰ ਪਖਤੂਨਖਵਾ ਸੂਬੇ ’ਚ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਜ਼ਿਆਦਾਤਰ ਬੱਚੇ ਹਨ।
ਅਥਾਰਟੀ ਨੇ ਕਿਹਾ ਕਿ ਪਿਛਲੇ 48 ਘੰਟਿਆਂ ’ਚ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ, ਸਵਾਤ, ਲੋਅਰ ਦੀਰ, ਮਲਾਕੰਦ, ਖੈਬਰ, ਪੇਸ਼ਾਵਰ, ਦਖਣੀ ਵਜ਼ੀਰਿਸਤਾਨ ਅਤੇ ਲੱਕੀ ਮਰਵਤ ਸਮੇਤ 10 ਜ਼ਿਲ੍ਹਿਆਂ ’ਚ ਭਾਰੀ ਮੀਂਹ ਕਾਰਨ 37 ਲੋਕ ਜ਼ਖਮੀ ਹੋ ਗਏ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਕਿਹਾ ਕਿ ਮੀਂਹ ਨਾਲ ਪ੍ਰਭਾਵਤ ਲੋਕਾਂ ਨੂੰ ਇਸ ਨਾਜ਼ੁਕ ਸਮੇਂ ਦੌਰਾਨ ਇਕੱਲਾ ਨਹੀਂ ਛਡਿਆ ਜਾਵੇਗਾ ਅਤੇ ਉਨ੍ਹਾਂ ਦੇ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦਿਤਾ ਜਾਵੇਗਾ।