
ਸਿਟੀ ਵਿਜ਼ਨ ਅਤੇ ਰੌਸਕਿਲ ਕਮਿਊਨਿਟੀ ਵੁਆਇਸ ਨੇ ਬਣਾਇਆ ਅਪਣਾ ਉਮੀਦਵਾਰ
ਔਕਲੈਂਡ : ਔਕਲੈਂਡ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਸ਼ੈਲ ਕੌਸ਼ਲ ਨੂੰ ਟਿਕਟ ਦਿਤੀ ਗਈ ਹੈ। ਮਾਊਂਟ ਰੌਸਕਿਲ ਹਲਕੇ ਤੋਂ ਸਿਟੀ ਵਿਜ਼ਨ ਅਤੇ ਰੌਸਕਿਲ ਕਮਿਊਨਿਟੀ ਵੁਆਇਸ ਨੇ ਉਸ ਅਪਣਾ ਉਮੀਦਵਾਰ ਐਲਾਨਿਆ ਹੈ। ਇਸ ਦੇ ਨਾਲ ਹੀ ਇਹ ਨੌਜਵਾਨ ਸਿਆਸਤ ਦੀ ਅਪਣੀ ਦੂਜੀ ਪਾਰੀ ਸ਼ੁਰੂ ਕਰੇਗਾ। ਇਥੇ ਹਰ ਤਿੰਨ ਸਾਲ ਬਾਅਦ ਚੋਣਾਂ ਹੁੰਦੀਆਂ ਹਨ। 19 ਜੁਲਾਈ ਤੋਂ 16 ਅਗਸਤ ਤਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ। 16 ਅਗੱਸਤ ਤੋਂ 20 ਸਤੰਬਰ ਤਕ ਡਾਕ ਰਾਹੀਂ ਵੋਟਾਂ ਪੈਣਗੀਆਂ। 17 ਅਕਤੂਬਰ 2019 ਨੂੰ ਨਤੀਜਾ ਐਲਾਨਿਆ ਜਾਵੇਗਾ।
2016 ਦੀਆਂ ਹੋਈਆਂ ਔਕਲੈਂਡ ਕੌਂਸਲ ਚੋਣਾਂ ਵਿਚ ਪੰਜਾਬੀ ਨੌਜਵਾਨ ਸ਼ੈਲ ਕੌਸ਼ਲ ਨੇ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਸੀ। ਭਾਰਤ ਵਿਚ ਪੈਦਾ ਹੋਇਆ ਇਹ ਪਹਿਲਾ ਨੌਜਵਾਨ ਸੀ ਜਿਸ ਨੇ ਪੁਕੀਟਾਪਾਪਾ ਹਲਕੇ ਤੋਂ ਕੌਂਸਲ ਦੀ ਚੋਣ ਜਿੱਤੀ ਸੀ ਅਤੇ ਨਿਊਜ਼ੀਲੈਂਡ ਵਿਚ ਸੱਭ ਤੋਂ ਘੱਟ ਉਮਰ ਦਾ ਜੇਤੂ ਕੌਂਸਲਰ ਬਣਿਆ ਸੀ। ਇਸ ਨੌਜਵਾਨ ਨੂੰ 2017 ਦਾ ਇਕ ਵਕਾਰੀ ਭਾਰਤੀ ਕਮਿਊਨਿਟੀ ਐਵਾਰਡ 'ਹਾਲ ਆਫ਼ ਫ਼ੇਮ-ਯੰਗ ਐਚੀਵਰ ਆਫ਼ ਦਾ ਯੀਅਰ' ਵੀ ਮਿਲਿਆ ਸੀ। ਇਸ ਨੇ ਮੈਸੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਔਕਲੈਂਡ ਤੋਂ ਉਚ ਸਿਖਿਆ ਪ੍ਰਾਪਤ ਕੀਤੀ ਹੋਈ ਹੈ ਜਿਸ ਵਿਚ ਇੰਟਰਨੈਸ਼ਨਲ ਸਕਿਊਰਿਟੀ, ਬੈਚਲਰ ਆਫ਼ ਆਰਟਸ ਇਨ ਪੋਲਟਿਕਸ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਸ਼ਾਮਲ ਹਨ।