
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਮਾਰੇ ਗਏ ਲੋਕਾਂ ਦੀ ਕੀਤੀ ਪੁਸ਼ਟੀ
ਮੈਲਬੌਰਨ: ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ‘ਵਰਲਡ ਸੈਂਟਰਲ ਕਿਚਨ’ ਦੇ ਮਾਰੇ ਗਏ 6 ਕੌਮਾਂਤਰੀ ਸਹਾਇਤਾ ਕਰਮਚਾਰੀਆਂ ’ਚ ਭਾਰਤੀ ਮੂਲ ਦੀ ਇਕ ਔਰਤ ਲਾਲਜਾਵਮੀ ਫ੍ਰੈਂਕਕਾਮ ਵੀ ਸ਼ਾਮਲ ਹਨ। ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪੁਸ਼ਟੀ ਕੀਤੀ ਕਿ 43 ਸਾਲ ਦੀ ਫ੍ਰੈਂਕਕਾਮ ਮਾਰੇ ਗਏ ਲੋਕਾਂ ਵਿਚ ਸ਼ਾਮਲ ਹੈ ਅਤੇ ਉਨ੍ਹਾਂ ਨੇ ਇਜ਼ਰਾਈਲ ਸਰਕਾਰ ਤੋਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ, ‘‘ਵਰਲਡ ਸੈਂਟਰਲ ਕਿਚਨ ਦੇ ਛੇ ਕੌਮਾਂਤਰੀ ਸਹਾਇਤਾ ਮੁਲਾਜ਼ਮ ਜੰਗ ਗ੍ਰਸਤ ਗਾਜ਼ਾ ਖੇਤਰ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਵੈ-ਇੱਛਾ ਨਾਲ ਕੰਮ ਕਰ ਰਹੇ ਸਨ। ਇਹ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਕਿ ਉਹ ਇਸ ਜੰਗ ’ਚ ਮਾਰੇ ਗਏ। ਅਸੀਂ ਇਸ ਲਈ ਪੂਰੀ ਜਵਾਬਦੇਹੀ ਦੀ ਮੰਗ ਕਰਦੇ ਹਾਂ।’’
ਮੀਡੀਆ ਰੀਪੋਰਟਾਂ ਮੁਤਾਬਕ ਆਸਟ੍ਰੇਲੀਆਈ ਪਿਤਾ ਅਤੇ ਮਿਜ਼ੋ ਮਾਂ ਦੇ ਘਰ ਜਨਮੀ ਫ੍ਰੈਂਕਕਾਮ ਜੰਗ ਗ੍ਰਸਤ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਮਿਸ਼ਨ ’ਤੇ ਕੰਮ ਕਰ ਰਹੀ ਸੀ ਪਰ ਸੋਮਵਾਰ ਦੇਰ ਰਾਤ ਉਸ ਦੇ ਕਾਫਲੇ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ ਉਸ ਦੀ ਮੌਤ ਹੋ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਮੰਨਿਆ ਹੈ ਕਿ ਇਹ ਹਮਲਾ ਇਜ਼ਰਾਈਲੀ ਫੌਜਾਂ ਨੇ ਕੀਤਾ ਸੀ। ਹਮਲੇ ’ਚ ਮਾਰੇ ਗਏ 7 ਵਿਅਕਤੀਆਂ ’ਚ ਆਸਟ੍ਰੇਲੀਆ, ਪੋਲੈਂਡ, ਬਰਤਾਨੀਆਂ, ਫਲਸਤੀਨੀ, ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕ ਸਨ।
ਗਾਜ਼ਾ ’ਚ ‘ਗਲਤ ਪਛਾਣ’ ਕਾਰਨ ਸਹਾਇਤਾ ਕਰਮਚਾਰੀਆਂ ’ਤੇ ਹਮਲਾ ਹੋ ਗਿਆ : ਇਜ਼ਰਾਈਲ
ਯੇਰੂਸ਼ਲਮ: ਇਜ਼ਰਾਈਲ ਦੇ ਫੌਜ ਮੁਖੀ ਨੇ ਕਿਹਾ ਹੈ ਕਿ ਗਾਜ਼ਾ ਪੱਟੀ ’ਚ ਇਜ਼ਰਾਇਲੀ ਹਮਲੇ ’ਚ 7 ਸਹਾਇਤਾ ਮੁਲਾਜ਼ਮਾਂ ਦੀ ਮੌਤ ਉਨ੍ਹਾਂ ਦੀ ਗੁੰਝਲਦਾਰ ਹਾਲਾਤ ’ਚ ਗਲਤ ਪਛਾਣ ਕਾਰਨ ਹੋਈ ਸੀ। ਲੈਫਟੀਨੈਂਟ ਜਨਰਲ ਹਰਜ਼ੀ ਹਲੇਵੀ ਨੇ ਹਮਲੇ ਵਿਚ ਸਹਾਇਤਾ ਮੁਲਾਜ਼ਮਾਂ ਦੀ ਮੌਤ ’ਤੇ ਅਫਸੋਸ ਜ਼ਾਹਰ ਕੀਤਾ ਅਤੇ ਬੁਧਵਾਰ ਤੜਕੇ ਮੁੱਢਲੀ ਜਾਂਚ ਦੇ ਨਤੀਜਿਆਂ ਦਾ ਵੇਰਵਾ ਦਿਤਾ ਅਤੇ ਇਸ ਘਟਨਾ ਨੂੰ ਗੰਭੀਰ ਗਲਤੀ ਦਸਿਆ। ਉਨ੍ਹਾਂ ਕਿਹਾ, ‘‘ਇਹ ਇਕ ਗਲਤੀ ਸੀ ਜੋ ਰਾਤ ਨੂੰ ਬਹੁਤ ਗੁੰਝਲਦਾਰ ਹਾਲਾਤ ਵਿਚ ਜੰਗ ਦੌਰਾਨ ਉਨ੍ਹਾਂ ਦੀ ਗਲਤ ਪਛਾਣ ਹੋਣ ਤੋਂ ਬਾਅਦ ਹੋਈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।’’
ਉਨ੍ਹਾਂ ਕਿਹਾ ਕਿ ਇਕ ਸੁਤੰਤਰ ਸੰਸਥਾ ਇਸ ਮਾਮਲੇ ਦੀ ਪੂਰੀ ਜਾਂਚ ਕਰੇਗੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਹਮਲੇ ’ਤੇ ਗੁੱਸਾ ਜ਼ਾਹਰ ਕਰਦਿਆਂ ਇਜ਼ਰਾਈਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਸ ਨੇ ਆਮ ਨਾਗਰਿਕਾਂ ਦੀ ਰੱਖਿਆ ਲਈ ‘ਕਾਫ਼ੀ’ ਕੰਮ ਨਹੀਂ ਕੀਤਾ। ਇਸ ਹਮਲੇ ਨੂੰ ਗਾਜ਼ਾ ਨੂੰ ਸਮੁੰਦਰੀ ਰਸਤੇ ਰਾਹੀਂ ਸਹਾਇਤਾ ਪਹੁੰਚਾਉਣ ਲਈ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ, ਜਿੱਥੇ ਇਜ਼ਰਾਈਲ ਹਮਾਸ ਵਿਰੁਧ ਕਾਰਵਾਈ ਕਰ ਰਿਹਾ ਹੈ ਅਤੇ ਹਜ਼ਾਰਾਂ ਫਲਸਤੀਨੀ ਭੁੱਖਮਰੀ ਦੇ ਕੰਢੇ ’ਤੇ ਹਨ।