
ਉਹ ਇਮੀਗ੍ਰੇਸ਼ਨ ਵੀਜ਼ੇ 'ਤੇ ਐਡਮੰਡ, ਓਕਲਾਹੋਮਾ ਵਿੱਚ ਰਹਿ ਰਿਹਾ ਸੀ।
America News: ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਇੱਕ 31 ਸਾਲਾ ਭਾਰਤੀ ਨਾਗਰਿਕ ਨੂੰ ਕਈ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਭਾਰਤੀ ਨਾਗਰਿਕ 'ਤੇ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰ ਕੇ ਕਿਸ਼ੋਰ ਹੋਣ ਦਾ ਦਿਖਾਵਾ ਕਰਨ ਅਤੇ ਨਾਬਾਲਗ ਮੁੰਡਿਆਂ ਅਤੇ ਕੁੜੀਆਂ ਨਾਲ ਦੋਸਤੀ ਕਰਨ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦਾ ਦੋਸ਼ ਹੈ। ਦੋਸ਼ ਹੈ ਕਿ ਉਹ ਉਨ੍ਹਾਂ ਨੂੰ ਚਾਈਲਡ ਪੋਰਨੋਗ੍ਰਾਫ਼ੀ ਆਦਿ ਨਾਲ ਸਬੰਧਤ ਹੋਰ ਤਸਵੀਰਾਂ ਦੇਣ ਲਈ ਕਹਿੰਦਾ ਸੀ ਅਤੇ ਜਦੋਂ ਇਹ ਲੋਕ ਉਸ ਦੀ ਗੱਲ ਨਹੀਂ ਮੰਨਦੇ ਸਨ, ਤਾਂ ਉਹ ਉਨ੍ਹਾਂ ਨੂੰ ਧਮਕੀਆਂ ਦਿੰਦਾ ਸੀ।
ਅਮਰੀਕੀ ਅਟਾਰਨੀ ਰੌਬਰਟ ਟ੍ਰੋਸਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਨਾਗਰਿਕ ਸਾਈ ਕੁਮਾਰ ਕੁਰੇਮੁਲਾ ਨੂੰ ਤਿੰਨ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਬਾਲ ਪੋਰਨੋਗ੍ਰਾਫ਼ੀ ਰੱਖਣ ਦੇ ਦੋਸ਼ ਵਿੱਚ 420 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਇਮੀਗ੍ਰੇਸ਼ਨ ਵੀਜ਼ੇ 'ਤੇ ਐਡਮੰਡ, ਓਕਲਾਹੋਮਾ ਵਿੱਚ ਰਹਿ ਰਿਹਾ ਸੀ।
ਪਿਛਲੇ ਹਫ਼ਤੇ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ, ਅਮਰੀਕੀ ਜ਼ਿਲ੍ਹਾ ਜੱਜ ਚਾਰਲਸ ਗੁੱਡਵਿਨ ਨੇ ਕਿਹਾ ਕਿ ਉਹ ਆਪਣੀ ਸਜ਼ਾ ਪੂਰੀ ਹੋਣ 'ਤੇ ਰਿਹਾਅ ਹੋਣ ਤੋਂ ਬਾਅਦ ਵੀ ਜੀਵਨ ਭਰ ਨਿਗਰਾਨੀ 'ਤੇ ਰਹੇਗਾ।
ਗੁੱਡਵਿਨ ਨੇ ਕਿਹਾ ਕਿ ਕੁਰੇਮੁਲਾ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਜਿਹੇ ਜ਼ਖ਼ਮ ਦਿੱਤੇ ਜੋ ਜੀਵਨ ਭਰ ਨਹੀਂ ਭਰਨਗੇ।
ਮਾਮਲੇ ਦੀ ਸੁਣਵਾਈ ਦੌਰਾਨ, ਕੁਰੈਮੁਲਾ ਨੇ ਕਬੂਲ ਕੀਤਾ ਕਿ ਉਸ ਨੇ ਇੱਕ ਨਾਬਾਲਗ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਦੇ ਘਰ ਜਾਵੇਗਾ ਅਤੇ ਉਸ ਦੇ ਮਾਪਿਆਂ ਨੂੰ ਉਸ ਦੀਆਂ ਅਸ਼ਲੀਲ ਤਸਵੀਰਾਂ ਦਿਖਾਏਗਾ। ਉਸ ਨੇ ਇੱਕ ਹੋਰ ਨਾਬਾਲਗ ਨੂੰ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਜਨਤਕ ਕਰਨ ਦੀ ਧਮਕੀ ਵੀ ਦਿੱਤੀ ਸੀ।