
ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਿਓਮੋ ਨੇ ਕੋਵਿਡ-19 ਕਾਰਨ ਬਾਕੀ ਬਚੇ ਅਕਾਦਮਿਕ ਸੈਸ਼ਨ ਲਈ ਰਾਜ ਭਰ
ਨਿਊਯਾਰਕ. 2 ਮਈ: ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਿਓਮੋ ਨੇ ਕੋਵਿਡ-19 ਕਾਰਨ ਬਾਕੀ ਬਚੇ ਅਕਾਦਮਿਕ ਸੈਸ਼ਨ ਲਈ ਰਾਜ ਭਰ ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਕਰੀਬ 42 ਲੱਖ ਵਿਦਿਆਰਥੀ ਪ੍ਰਭਾਵਿਤ ਹੋਣਗੇ। ਕਿਓਮੋ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਆਖਿਆ ਕਿ ਇਹ ਅਹਿਮ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਵਾਇਰਸ ਤੋਂ ਬਚਾਏ ਰੱਖਣ ਅਤੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਨਹੀਂ ਲੱਗਦਾ ਕਿ ਉਨਾਂ ਥਾਂਵਾਂ ‘ਤੇ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ।
ਇਸ ਲਈ, ਅਸੀਂ ਇਸ ਅਕਾਦਮਿਕ ਸਾਲ ਵਿਚ ਫਿਰ ਤੋਂ ਸਕੂਲ ਖੋਲਣ ਦੀ ਇਜਾਜ਼ਤ ਨਹੀਂ ਦੇ ਸਕਦੇ। ਗਵਰਨਰ ਨੇ ਆਖਿਆ ਕਿ ਸਾਰੇ ਸਕੂਲ ਅਤੇ ਕਾਲਜ ਡਿਸਟੈਂਸ ਐਜ਼ੂਕੇਸ਼ਨ, ਭੋਜਨ ਮੁਹੱਈਆ ਕਰਾਉਣ ਅਤੇ ਬਾਲ ਦੇਖਭਾਲ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣਗੇ। ਮੌਜੂਦਾ ਅਕਾਦਮਿਕ ਸੈਸ਼ਨ ਜੂਨ ਤੱਕ ਚੱਲੇਗਾ ਅਤੇ ਅਗਲੇ ਸੈਸ਼ਨ ਦੇ ਲਈ ਸਤੰਬਰ ਦੇ ਨੇੜੇ-ਤੇੜੇ ਫਿਰ ਤੋਂ ਸਕੂਲ ਖੁਲਣਗੇ।
ਕਿਓਮੋ ਨੇ ਕਿਹਾ ਕਿ ਸਕੂਲਾਂ ਅਤੇ ਕਾਲਾਜਾਂ ਨੂੰ ਫਿਰ ਤੋਂ ਖੋਲਣ ਲਈ ਅਧਿਕਾਰੀਆਂ ਨੂੰ ਇਹ ਯਕੀਨਨ ਕਰਨਾ ਹੋਵੇਗਾ ਕਿ ਸਮਾਜਿਕ ਦੂਰੀ ਬਣਾਏ ਰੱਖਣ ਦੇ ਯਤਨਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਲਿਆਉਣ ਅਤੇ ਉਥੇ ਪਹੁੰਚਾਉਣ ਵਾਲੇ ਪਬਲਿਕ ਟ੍ਰਾਂਸਪੋਰਟ ਸਿਸਟਮ ਦੇ ਇਸਤੇਮਾਲ ਨੂੰ ਸੁਰੱਖਿਅਤ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਫਿਰ ਤੋਂ ਖੋਲਣ ਦੀ ਯੋਜਨਾ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।ਗਵਰਨਰ ਨੇ ਕੋਰੋਨਾਵਾਇਰਸ ਦੇ 3,942 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਸ ਨਾਲ ਰਾਜ ਵਿਚ ਕੋਵਿਡ-19 ਮਾਮਲਿਆਂ ਦੀ ਕੁਲ ਗਿਣਤੀ ਵਧ ਕੇ 3 ਲੱਖ ਤੋਂ ਪਾਰ ਪਹੁੰਚ ਗਈ ਹੈ। (ਏਜੰਸੀ)