
ਮਾਮਲੇ ਦੇ ਨਿਪਟਾਰੇ ਲਈ ਐਲੋਨ ਮਸਕ ਕਰਨਗੇ 10 ਹਜ਼ਾਰ ਡਾਲਰ ਦਾ ਭੁਗਤਾਨ
ਮਸਕ ਨੇ ਰਣਦੀਪ ਹੋਠੀ 'ਤੇ ਟੇਸਲਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਤੇ 'ਲਗਭਗ ਕਤਲ' ਕਰਨ ਦਾ ਲਗਾਇਆ ਸੀ ਇਲਜ਼ਾਮ
ਰਣਦੀਪ ਹੋਠੀ ਨੇ ਮਸਕ ਵਲੋਂ ਲਗਾਏ ਝੂਠੇ ਇਲਜ਼ਾਮ ਵਿਰੁਧ ਦਾਇਰ ਕੀਤਾ ਸੀ ਮੁਕੱਦਮਾ
ਵਾਸ਼ਿੰਗਟਨ : ਟੇਸਲਾ ਦੇ ਸੀਈਓ ਐਲੋਨ ਮਸਕ ਨੇ ਭਾਰਤੀ-ਅਮਰੀਕੀ ਸਿੱਖ ਰਣਦੀਪ ਹੋਠੀ ਵਲੋਂ ਅਪਣੇ ਵਿਰੁਧ ਕੀਤੇ ਗਏ ਮਾਣਹਾਨੀ ਦੇ ਕੇਸ ਨੂੰ ਨਿਪਟਾਉਣ ਲਈ 10 ਹਜ਼ਾਰ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿਤੀ ਹੈ।
ਮਿਸ਼ੀਗਨ ਯੂਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਅਤੇ ਸੱਭਿਆਚਾਰਾਂ 'ਚ ਡਾਕਟਰੇਟ ਕਰ ਰਹੇ ਰਣਦੀਪ ਹੋਠੀ ਨੇ 2020 ਵਿਚ ਮਸਕ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਰਣਦੀਪ ਹੋਠੀ ਨੇ ਦੋਸ਼ ਲਗਾਇਆ ਸੀ ਕਿ ਅਰਬਪਤੀ ਕਾਰੋਬਾਰੀ ਨੇ ਉਨ੍ਹਾਂ 'ਤੇ ਟੇਸਲਾ ਦੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਨ ਅਤੇ 'ਲਗਭਗ ਕਤਲ' ਕਰਨ ਦਾ ਝੂਠਾ ਦੋਸ਼ ਲਗਾਇਆ ਸੀ।
ਇਕ ਲੰਮੀ ਅਤੇ ਸਖ਼ਤ ਮੁਕੱਦਮੇਬਾਜ਼ੀ ਤੋਂ ਬਾਅਦ, ਮਾਰਚ 2023 ਵਿਚ, ਮਸਕ ਨੇ ਰਣਦੀਪ ਹੋਠੀ ਨੂੰ ਕੇਸ ਦਾ ਨਿਪਟਾਰਾ ਕਰਨ ਲਈ ਕਿਹਾ। ਉਧਰ ਰਣਦੀਪ ਹੋਠੀ ਨੇ ਇਕ ਬਿਆਨ ਵਿਚ ਐਲੋਨ ਮਸਕ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਐਲਾਨ ਕਰਦਿਆਂ ਕਿਹਾ, "ਇਹ ਕੇਸ ਕੋਈ ਪ੍ਰਸਿੱਧੀ ਜਾਂ ਪੈਸੇ ਲੈਣ ਲਈ ਨਹੀਂ ਸਗੋਂ ਅਪਣੀ ਆਵਾਜ਼ ਬੁਲੰਦ ਕਰਨ ਲਈ ਸੀ। ਮੈਂ ਆਪਣੇ ਆਪ ਨੂੰ ਸਹੀ ਮਹਿਸੂਸ ਕਰਦਾ ਹਾਂ। ਮੈਂ ਇਹ ਕੇਸ ਆਪਣੇ ਕੰਮ ਦਾ ਬਚਾਅ ਕਰਨ, ਅਪਣੇ ਅਕਸ 'ਤੇ ਲੱਗੇ ਦਾਗ਼ ਨੂੰ ਸਾਫ਼ ਕਰਨ, ਅਤੇ ਇਕ ਸੁਨੇਹਾ ਦੇਣ ਲਈ ਲਿਆਇਆ ਸੀ... ਮੇਰਾ ਮੰਨਣਾ ਹੈ ਕਿ ਮੈਂ ਇਸ ਨੂੰ ਪੂਰਾ ਕਰ ਲਿਆ ਹੈ, ਮਸਕ ਦਾ ਧਨਵਾਦ, ਜਿਸ ਦੇ ਪਿਛਲੇ ਸਾਲ ਦੇ ਅਪਣੇ ਵਿਵਹਾਰ ਨੇ ਜਾਂਚ ਕਰਨ ਦੀ ਲੋੜ ਨੂੰ ਜ਼ਰੂਰੀ ਸਮਝਿਆ।"
ਇਹ ਵੀ ਪੜ੍ਹੋ: ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦੇ ਮਾਤਾ ਦਾ ਦੇਹਾਂਤ
ਰਣਦੀਪ ਹੋਠੀ ਦੇ ਵਕੀਲਾਂ ਵਿਚੋਂ ਇਕ ਡੀ. ਗਿੱਲ ਸਪਰਲੀਨ ਨੇ ਕਿਹਾ, "ਪਿਛਲੇ ਸਾਲ, ਐਲੋਨ ਮਸਕ ਨੇ ਮਸ਼ਹੂਰ ਤੌਰ 'ਤੇ ਵਾਅਦਾ ਕੀਤਾ ਸੀ ਕਿ ਉਹ ਕਦੇ ਵੀ 'ਬੇਇਨਸਾਫ਼ੀ ਵਾਲੇ ਕੇਸ ਦਾ ਨਿਪਟਾਰਾ' ਨਹੀਂ ਕਰੇਗਾ। ਫਿਰ ਵੀ, ਹੁਣ ਉਸ ਨੇ ਹੋਠੀ ਨੂੰ ਇਸ ਮਾਮਲੇ ਦੇ ਨਿਪਟਾਰੇ ਲਈ ਕਿਹਾ ਹੈ। ਅਸੀਂ ਮਸਕ ਵਲੋਂ ਇਸ ਮਾਮਲੇ 'ਚ ਦੇਰੀ ਨਾਲ ਸਵੀਕਾਰ ਕੀਤੇ ਜਾਣ ਵਾਲੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਕਿ ਇਹ ਕੇਸ ਸਹੀ ਸੀ।"
ਰਣਦੀਪ ਹੋਠੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਬਰਕਲੇ ਦਾ ਸਾਬਕਾ ਵਿਦਿਆਰਥੀ ਹੈ ਅਤੇ ਵਰਤਮਾਨ ਵਿਚ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਦਾ ਵਿਦਿਆਰਥੀ ਹੈ। ਉਹ ਐਲੋਨ ਮਸਕ ਅਤੇ ਟੇਸਲਾ ਦੇ ਆਲੋਚਕ ਹਨ। ਉਨ੍ਹਾਂ ਦੇ ਮਾਪੇ ਫਰੀਮਾਂਟ ਵਿਚ ਰਹਿੰਦੇ ਹਨ, ਜਿਥੇ ਟੇਸਲਾ ਦਾ ਆਪਣਾ ਆਟੋ ਪਲਾਂਟ ਵੀ ਹੈ। ਰਣਦੀਪ ਟਵਿਟਰ 'ਤੇ '‘skabooshka' ਦੇ ਨਾਂ ਨਾਲ ਸਰਗਰਮ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਬਾਇਓ ਵਿਚ ਲਿਖਿਆ ਹੈ - ਕਾਰਪੋਰੇਟ ਧੋਖਾਧੜੀ 'ਤੇ ਜਾਂਚ/ਰਿਪੋਰਟਿੰਗ।
ਹੋਠੀ ਇਕ ਗਲੋਬਲ ਸਮੂਹ ਦਾ ਹਿੱਸਾ ਹਨ ਜਿਸ ਨੂੰ ਸਮੂਹਿਕ ਤੌਰ 'ਤੇ '$TSLAQ' ਵਜੋਂ ਜਾਣਿਆ ਜਾਂਦਾ ਹੈ। ਇਹ ਸਮੂਹ ਟੇਸਲਾ ਦੇ ਸਾਬਕਾ ਕਰਮਚਾਰੀਆਂ, ਹੋਠੀ ਵਰਗੇ ਵਿਦਿਆਰਥੀਆਂ ਅਤੇ ਹੋਰ ਪੇਸ਼ੇਵਰਾਂ ਦਾ ਬਣਿਆ ਹੋਇਆ ਹੈ। ਇਹਨਾਂ ਵਿਚੋਂ ਬਹੁਤ ਸਾਰੇ ਲੋਕ ਅਕਸਰ ਸੋਸ਼ਲ ਮੀਡੀਆ ਅਤੇ ਹੋਰ ਪਲੇਟਫ਼ਾਰਮਾਂ 'ਤੇ ਐਲੋਨ ਮਸਕ ਅਤੇ ਟੇਸਲਾ ਦੀ ਆਲੋਚਨਾ ਕਰਦੇ ਹਨ।
ਜ਼ਿਕਰਯੋਗ ਹੈ ਕਿ ਦੋ ਘਟਨਾਵਾਂ ਤੋਂ ਬਾਅਦ ਦੋ ਸਾਲ ਪਹਿਲਾਂ ਰਣਦੀਪ ਹੋਠੀ ਮਸਕ ਦੇ ਨਿਸ਼ਾਨੇ 'ਤੇ ਆਏ ਸਨ। ਫਰਵਰੀ 2019 ਵਿਚ, ਰਣਦੀਪ ਦੀ ਇਕ ਸੁਰੱਖਿਆ ਗਾਰਡ ਨਾਲ ਝੜਪ ਹੋਈ ਸੀ ਜਦੋਂ ਉਹ ਕੈਲੀਫ਼ੋਰਨੀਆ ਵਿਚ ਇਕ ਟੇਸਲਾ ਵਿਕਰੀ ਕੇਂਦਰ ਵਿਚ ਗਿਆ ਸੀ। ਜਦੋਂ ਕਿ ਅਪ੍ਰੈਲ 2019 ਵਿਚ ਇਕ ਹੋਰ ਘਟਨਾ ਵਾਪਰੀ ਸੀ। ਹੋਠੀ ਨੇ ਕਿਹਾ ਕਿ ਉਨ੍ਹਾਂ ਨੇ ਟੇਸਲਾ ਦੀ ਟੈਸਟ ਕਾਰ ਦੀ ਤਸਵੀਰ ਆਨਲਾਈਨ ਪੋਸਟ ਕੀਤੀ ਸੀ। ਮਸਕ ਨੇ ਆਨਲਾਈਨ ਐਡੀਟਰ ਨੂੰ ਮੇਲ ਕਰ ਕੇ ਰਣਦੀਪ ਨੂੰ ਝੂਠਾ ਦਸਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਸਾਡੇ ਸੁਰੱਖਿਆ ਗਾਰਡ ਨੂੰ ਲਗਭਗ ਮਾਰ ਦਿਤਾ ਹੈ। ਦੂਜੇ ਪਾਸੇ ਹੋਠੀ ਦਾ ਕਹਿਣਾ ਹੈ ਕਿ ਮਸਕ ਨੇ ਉਸ ਦੇ ਵਿਰੁੱਧ ਆਨਲਾਈਨ ਨਫ਼ਰਤ ਮੁਹਿੰਮ ਸ਼ੁਰੂ ਕੀਤੀ ਸੀ।