
6 ਵਾਹਨਾਂ ਦੀ ਟੱਕਰ ਦੌਰਾਨ ਵਾਪਰਿਆ ਹਾਦਸਾ
Canada Accident News: ਕੈਨੇਡਾ ਘੁੰਮਣ ਗਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨੇ ਦੇ ਪੋਤੇ ਸਣੇ 4 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ 6 ਵਾਹਨਾਂ ਦੀ ਟੱਕਰ ਦੌਰਾਨ ਵਾਪਰਿਆ। ਜਦੋਂ ਉਂਟਾਰੀਓ ਪੁਲਿਸ ਦੀ ਗੱਡੀ ਸ਼ਰਾਬ ਦੀ ਦੁਕਾਨ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਨੂੰ ਫੜਨ ਲਈ ਗਲਤ ਰਾਸਤੇ ਆਈ ਤਾਂ ਕਈ ਵਾਹਨਾਂ ਦੀ ਟੱਕਰ ਹੋ ਗਈ।
ਪੁਲਿਸ ਨੇ ਦਸਿਆ ਕਿ ਟੋਰਾਂਟੋ ਤੋਂ ਕਰੀਬ 50 ਕਿਲੋਮੀਟਰ ਪੂਰਬ 'ਚ ਵ੍ਹਾਈਟਬੀ 'ਚ ਹਾਈਵੇਅ 401 'ਤੇ ਹੋਏ ਹਾਦਸੇ 'ਚ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ.ਆਈ.ਯੂ.) ਨੇ ਦਸਿਆ ਕਿ ਹਾਦਸੇ 'ਚ ਮਾਰੇ ਗਏ ਲੋਕਾਂ 'ਚ ਭਾਰਤ ਤੋਂ ਆਏ 60 ਸਾਲਾ ਵਿਅਕਤੀ ਅਤੇ 55 ਸਾਲਾ ਔਰਤ ਸ਼ਾਮਲ ਹਨ। ਹਾਲਾਂਕਿ ਮ੍ਰਿਤਕਾਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਗਏ ਹਨ।
ਐਸ.ਆਈ.ਯੂ. ਨੇ ਦਸਿਆ ਕਿ ਇਸ ਹਾਦਸੇ 'ਚ ਜੋੜੇ ਦੇ ਤਿੰਨ ਮਹੀਨੇ ਦੇ ਪੋਤੇ ਦੀ ਵੀ ਮੌਤ ਹੋ ਗਈ। ਸੋਮਵਾਰ ਨੂੰ ਹਾਦਸੇ ਤੋਂ ਬਾਅਦ ਹਾਈਵੇਅ 401 ਨੂੰ ਕਈ ਘੰਟਿਆਂ ਲਈ ਬੰਦ ਕਰ ਦਿਤਾ ਗਿਆ ਸੀ।
ਏਜੰਸੀ ਨੇ ਦਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ 'ਚੋਂ ਇਕ 'ਚ ਸਵਾਰ ਬੱਚੇ ਦੇ 33 ਸਾਲਾ ਪਿਤਾ ਅਤੇ 27 ਸਾਲਾ ਮਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਸ.ਆਈ.ਯੂ. ਨੇ ਕਿਹਾ ਕਿ ਮਾਂ ਦੀ ਹਾਲਤ ਨਾਜ਼ੁਕ ਹੈ। ਸੀਬੀਸੀ ਨਿਊਜ਼ ਦੀ ਖਬਰ ਮੁਤਾਬਕ ਇਸ ਹਾਦਸੇ 'ਚ 21 ਸਾਲਾ ਸ਼ੱਕੀ ਵਿਅਕਤੀ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿਚ ਘੱਟੋ ਘੱਟ ਛੇ ਵਾਹਨਾਂ ਦੀ ਟੱਕਰ ਹੋਈ ਹੈ।
(For more Punjabi news apart from Indian couple, 3-month-old grandchild killed in Canada amid police car chase, stay tuned to Rozana Spokesman)