
78 ਫ਼ੀ ਸਦੀ ਲੋਕਾਂ ਨੇ ਦਿਤਾ ਸਮਰਥਨ
ਮਾਸਕੋ, 2 ਜੁਲਾਈ : ਰੂਸ ਦੇ ਲੋਕਾਂ ਨੇ ਸੰਵਿਧਾਨਕ ਬਦਲਾਅ ਲਈ ਭਾਰੀ ਮਤਦਾਨ ਨਾਲ 2036 ਤਕ ਵਲਾਦੀਮੀਰ ਪੁਤਿਨ ਦੇ ਸੱਤਾ ’ਚ ਬਣੇ ਰਹਿਣ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਪੁਤਿਨ ਨੂੰ 2036 ਤਕ ਅਹੁਦੇ ’ਤੇ ਬਣੇ ਰਹਿਣ ਦਾ ਪ੍ਰਬੰਧ ਕਰਨ ਵਾਲੇ ਸੰਵਿਧਾਨ ਸੋਧ ਨੂੰ ਦੇਸ਼ ਦੇ ਲਗਭਗ 78 ਫ਼ੀ ਸਦੀ ਵੋਟਰਾਂ ਨੇ ਆਗਿਆ ਪ੍ਰਦਾਨ ਕੀਤੀ ਹੈ। ਰੂਸ ਦੇ ਚੋਣ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਤਿਨ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਵੋਟਿੰਗ ਪ੍ਰਕਿਰਿਆ ਸਿਰਫ਼ ਇਕ ਦਿਖਾਵਾ ਹੈ। ਵੋਟਿੰਗ ’ਚ ਘਪਲੇਬਾਜ਼ੀ ਕਰਨ ਦਾ ਵੀ ਦੋਸ਼ ਲਾਇਆ।
File Photo
ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਕਿਹਾ ਕਿ ਹਫ਼ਤੇ ਤਕ ਚੱਲੀ ਇਸ ਵੋਟਿੰਗ ਦਾ ਅੰਤ ਬੁਧਵਾਰ ਨੂੰ ਹੋਇਆ ਅਤੇ ਵੀਰਵਾਰ ਸਵੇਰ ਤਕ ਵੋਟਿੰਗ ਪੂਰੀ ਕਰ ਲਈ ਗਈ ਸੀ। ਕਮਿਸ਼ਨ ਨੇ ਕਿਹਾ ਕਿ 77.9% ਵੋਟਾਂ ਸੰਵਿਧਾਨ ਸੋਧ ਦੇ ਸਮਰਥਨ ’ਚ ਪਈਆਂ ਅਤੇ 21.3 ਫ਼ੀ ਸਦੀ ਵੋਟਾਂ ਸੋਧ ਦੇ ਵਿਰੁਧ ਵਿਚ ਪਈਆਂ।
ਸੰਸਦ ਤੇ ਸੰਵਿਧਾਨਕ ਅਦਾਲਤ ਤੋਂ ਪਹਿਲਾਂ ਸੰਵਿਧਾਨਕ ਬਦਲਾਅ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਪਹਿਲਾਂ ਇਹ ਮਤਦਾਨ 22 ਮਈ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ।
ਓਧਰ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਵੋਟਿੰਗ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ। ਵਿਰੋਧੀ ਰਾਜਨੇਤਾ ਏਲੇਕਸੀ ਨਵਲਨੀ ਨੇ ਵੋਟਿੰਗ ਨੂੰ ਗ਼ੈਰ ਪਾਰਦਰਸ਼ੀ ਦਸਿਆ ਤੇ ਵੋਟਿੰਗ ਨੂੰ ਨਜ਼ਾਇਜ਼ ਠਹਿਰਾਉਂਦਿਆਂ ਕਿਹਾ ਕਿ ਪੁਤਿਨ ਲਈ ਪੂਰੀ ਜ਼ਿੰਦਗੀ ਰਾਸ਼ਟਰਪਤੀ ਅਹੁਦਾ ਸੁਰੱਖਿਅਤ ਰਖਣ ਲਈ ਡਿਜ਼ਾਇਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਅਸੀਂ ਇਨ੍ਹਾਂ ਨਤੀਜਿਆਂ ਨੂੰ ਕਦੇ ਨਹੀਂ ਮੰਨਾਂਗੇ। ਨਵਲਨੀ ਨੇ ਕਿਹਾ ਕੋਰੋਨਾ ਵਾਇਰਸ ਕਾਰਨ ਵਿਰੋਧੀ ਧਿਰ ਫਿਲਹਾਲ ਵਿਰੋਧ ਨਹੀਂ ਕਰੇਗੀ ਪਰ ਜੇਕਰ ਉਸ ਦੇ ਉਮੀਦਵਾਰਾਂ ਨੂੰ ਖੇਤਰੀ ਚੋਣਾਂ ’ਚ ਹਿੱਸਾ ਲੈਣ ਤੋਂ ਰੋਕਿਆ ਗਿਆ ਜਾਂ ਨਤੀਜਿਆਂ ਨਾਲ ਛੇੜਛਾੜ ਕੀਤੀ ਗਈ ਤਾਂ ਪ੍ਰਦਰਸ਼ਨ ਜ਼ਰੂਰ ਹੋਵੇਗਾ। (ਪੀਟੀਆਈ)