
ਕਿਹਾ, ਸਾਰੇ ਪੁਲਿਸ ਵਾਲਿਆਂ ਤੋਂ ਗੁੱਸੇ ਨਹੀਂ, ਨਿਆਂਇਕ ਪ੍ਰਣਾਲੀ ’ਤੇ ਭਰੋਸਾ ਪ੍ਰਗਟਾਇਆ
ਪੈਰਿਸ: ਫ਼ਰਾਂਸ ’ਚ ਪੁਲਿਸ ਦੀ ਗੋਲੀਬਾਰੀ ’ਚ ਮਾਰੇ ਗਏ ਨਾਬਾਲਗ ਦੀ ਨਾਨੀ ਨੇ ਪੰਜ ਦਿਨਾਂ ਤੋਂ ਜਾਰੀ ਹਿੰਸਾ ਤੋਂ ਬਾਅਦ ਦੰਗਾਈਆਂ ਨੂੰ ਐਤਵਾਰ ਨੂੰ ਸ਼ਾਂਤੀ ਦੀ ਅਪੀਲ ਕੀਤੀ। ਜਦਕਿ ਅਧਿਕਾਰੀਆਂ ਨੇ ਇਕ ਉਪਨਗਰੀ ਮੇਅਰ ਦੇ ਘਰ ’ਤੇ ਹਮਲੇ ਦੀ ਆਲੋਚਨਾ ਕੀਤੀ, ਜਿਸ ’ਚ ਉਨ੍ਹਾਂ ਦੇ ਪ੍ਰਵਾਰ ਦੇ ਜੀਅ ਜ਼ਖ਼ਮੀ ਹੋ ਗਏ ਸਨ।
ਨੈਨਟੇਰੇ ਦੇ ਉਪਨਗਰ ’ਚ ਪੁਲਿਸ ਦੀ ਗੋਲੀਬਾਰੀ ’ਚ ਮਾਰੇ ਗਏ 17 ਸਾਲਾਂ ਦੇ ਨਾਹੇਲ ਦੀ ਨਾਨੀ ਨਾਦਿਆ ਨੇ ਫ਼ਰਾਂਸ ਦੇ ਇਕ ਟੀ.ਵੀ. ਚੈਨਲ ਨੂੰ ਟੈਲੀਫ਼ੋਨ ’ਤੇ ਦਿਤੀ ਇੰਟਰਵਿਊ ’ਚ ਕਿਹਾ, ‘‘ਖਿੜਕੀਆਂ, ਬਸਾਂ, ਸਕੂਲਾਂ ’ਚ ਤੋੜਭੰਨ ਨਾ ਕਰੋ। ਅਸੀਂ ਸ਼ਾਂਤੀ ਚਾਹੁੰਦੇ ਹਾਂ।’’ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੋਹਤੇ ਦਾ ਕਤਲ ਕਰਨ ਵਾਲੇ ਅਧਿਕਾਰੀ ਤੋਂ ਗੁੱਸਾ ਹਨ ਪਰ ਆਮ ਤੌਰ ’ਤੇ ਸਾਰੇ ਪੁਲਿਸ ਵਾਲਿਆਂ ਤੋਂ ਨਹੀਂ ਅਤੇ ਉਨ੍ਹਾਂ ਨੇ ਨਿਆਂਇਕ ਪ੍ਰਣਾਲੀ ’ਤੇ ਭਰੋਸਾ ਪ੍ਰਗਟਾਇਆ। ਨਾਹੇਲ ਨੂੰ ਸਨਿਚਰਵਾਰ ਨੂੰ ਦਫ਼ਨਾਇਆ ਗਿਆ।
ਨਾਹੇਲ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਹੁਣ ਕਮਜ਼ੋਰ ਪੈਂਦੀ ਦਿਸ ਰਹੀ ਹੈ। ਗ੍ਰਹਿ ਮੰਤਰੀ ਗੇਰਾਲਡ ਡਰਮਾਨਿਨ ਨੇ ਕਿਹਾ ਕਿ 45 ਹਾਜ਼ਾਰ ਪੁਲਿਸ ਅਧਿਕਾਰੀਆਂ ਨੂੰ ਸਾਬਕਾ ਫ਼ਰੈਂਚ ਕਾਲੋਨੀਆਂ ਨਾਲ ਜੁੜੇ ਅਤੇ ਘੱਟ ਆਮਦਨ ਵਰਗ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਵਿਰੁਧ ਵਿਤਕਰੇ ਨੂੰ ਲੈ ਕੇ ਗੁੱਸੇ ਨਾਲ ਨਜਿੱਠਣ ਲਈ ਸੜਕਾਂ ’ਤੇ ਮੁੜ ਤੈਨਾਤ ਕੀਤਾ ਜਾਵੇਗਾ। ਨਾਹੇਲ ਅਲਜੀਰੀਆ ਮੂਲ ਦਾ ਸੀ।
ਇਹ ਵੀ ਪੜ੍ਹੋ: ਇਜ਼ਰਾਈਲ ਦੇ ਹਮਲਿਆਂ ’ਚ ਪੰਜ ਫ਼ਲਸਤੀਨੀ ਮਾਰੇ ਗਏ
ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਰਾਤ ਨੂੰ ਵਿਸ਼ੇਸ਼ ਸੁਰਖਿਆ ਬੈਠਕ ਕੀਤੀ ਅਤੇ ਉਨ੍ਹਾਂ ਦੀ ਸੋਮਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ਦੇ ਪ੍ਰਮੁੱਖ ਅਤੇ ਮੰਗਲਵਾਰ ਨੂੰ ਪ੍ਰਦਰਸ਼ਨਾਂ ਤੋਂ ਪ੍ਰਭਾਵਤ 220 ਸ਼ਹਿਰਾਂ ਦੇ ਮੇਅਰਾਂ ਨਾਲ ਬੈਠਕ ਕਰਨ ਦੀ ਯੋਜਨਾ ਹੈ। ਬੈਠਕ ’ਚ ਸ਼ਾਮਲ ਇਕ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਹਿਾ ਕਿ ਮੈਕਰੋਨ ਉਨ੍ਹਾਂ ਕਾਰਨਾਂ ਬਾਰੇ ਵਿਸਤਾਰ ਨਾਲ ਵਿਚਾਰ ਕਰਨਾ ਚਾਹੁੰਦੇ ਹਨ ਜਿਨ੍ਹਾਂ ਕਾਰਨ ਹਿੰਸਾ ਵਾਪਰੀ।
ਗ੍ਰਹਿ ਮੰਤਰਾਲੇ ਨੇ ਦਸਿਆ ਕਿ ਪੁਲਿਸ ਨੇ ਐਤਵਾਰ ਨੂੰ ਦੇਸ਼ ਭਰ ਦੇ 78 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੇਰ ਰਾਤ ਨੂੰ ਉਪਨਗਰ ਹੇ-ਲੇਸ ਰੋਜੇਜ ’ਚ ਮੇਅਰ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ ਸੀ ਜਿਸ ’ਤੇ ਫ਼ਰਾਂਸੀਸੀ ਅਧਿਕਾਰੀਆਂ ਨੇ ਗੁੱਸਾ ਪ੍ਰਗਟਾਇਆ। ਮੇਅਰ ਵਿੰਸੈਂਟ ਜੀਨਬਰੂਨ ਨੇ ਕਿਹਾ ਕਿ ਦੇਰ ਰਾਤ ਲਗਭਗ ਡੇਢ ਵਜੇ ਹੋਏ ਹਮਲੇ ’ਚ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਬੱਚੇ ਜ਼ਖ਼ਮੀ ਹੋ ਗਏ। ਜਦੋਂ ਹਮਲਾ ਹੋਇਆ ਉਸ ਸਮੇਂ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰ ਸੌਂ ਰਹੇ ਸਨ ਅਤੇ ਉਹ ‘ਟਾਊਨ ਹਾਲ’ ’ਚ ਹਿੰਸਾ ਦੀ ਨਿਗਰਾਨੀ ਕਰ ਰਹੇ ਸਨ।
ਮੈਕਰੋਨ ਨੇ ਹਿੰਸਾ ਭੜਕਾਉਣ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਗੋਲੀਬਾਰੀ ’ਚ ਨਾਹੇਲ ਦੀ ਮੌਤ ਹੋਣ ਦੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ’ਚ ਦੋ ਅਧਿਕਾਰੀ ਕਾਰ ਦੀ ਖਿੜਕੀ ਕੋਲ ਖੜੇ ਦਿਸ ਰਹੇ ਹਨ, ਜਿਨ੍ਹਾਂ ’ਚੋਂ ਇਕ ਨੇ ਡਰਾਈਵਰ ’ਤੇ ਬੰਦੂਕ ਤਾਣੀ ਹੋਈ ਹੈ। ਜਿਉਂ ਹੀ ਨਾਬਾਗਲ ਅੱਗੇ ਵਧਦਾ ਹੈ, ਅਧਿਕਾਰੀ ਗੋਲੀ ਚਲਾ ਦਿੰਦਾ ਹੈ।