ਹਮਲਾਵਰ ਨੂੰ ਵਿਸਫੋਟਕ ਵੈਸਟ ਪਹਿਨੇ ਹੋਏ ਵੇਖਿਆ ਅਤੇ ਕੁੱਝ ਦੇਰ ਬਾਅਦ ਬੀਚ-ਵਿਊ ਹੋਟਲ ਦੇ ਨੇੜੇ ਉਸ ਨੇ ਖੁਦ ਨੂੰ ਧਮਾਕਾ ਕਰ ਲਿਆ
ਮੋਗਾਦਿਸ਼ੂ: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਸ਼ੁਕਰਵਾਰ ਸ਼ਾਮ ਨੂੰ ਇਕ ਹੋਟਲ ’ਤੇ ਹੋਏ ਹਮਲੇ ’ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਸਨਿਚਰਵਾਰ ਨੂੰ ਦਿਤੀ।
ਪੂਰਬੀ ਅਫਰੀਕਾ ਵਿਚ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਨੇ ਅਪਣੇ ਰੇਡੀਓ ਰਾਹੀਂ ਕਿਹਾ ਕਿ ਉਸ ਦੇ ਲੜਾਕਿਆਂ ਨੇ ਇਹ ਹਮਲਾ ਕੀਤਾ। ਪੁਲਿਸ ਬੁਲਾਰੇ ਮੇਜਰ ਅਬਦੀਫਤਾਹ ਅਦਨ ਹਸਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਮਲੇ ਵਿਚ ਇਕ ਫੌਜੀ ਮਾਰਿਆ ਗਿਆ ਅਤੇ ਬਾਕੀ ਆਮ ਨਾਗਰਿਕ ਸਨ। ਹਸਨ ਨੇ ਦਸਿਆ ਕਿ ਹਮਲੇ ’ਚ ਇਕ ਹੋਰ ਫੌਜੀ ਜ਼ਖਮੀ ਹੋ ਗਿਆ। ਚਸ਼ਮਦੀਦਾਂ ਨੇ ਦਸਿਆ ਕਿ ਧਮਾਕੇ ਤੋਂ ਬਾਅਦ ਗੋਲੀਬਾਰੀ ਹੋਈ।
ਮੋਗਾਦਿਸ਼ੂ ਦਾ ਪ੍ਰਸਿੱਧ ਇਲਾਕਾ ਲੀਡੋ ਬੀਚ ਸ਼ੁਕਰਵਾਰ ਰਾਤ ਨੂੰ ਭੀੜ-ਭੜੱਕੇ ਵਾਲਾ ਹੁੰਦਾ ਹੈ, ਕਿਉਂਕਿ ਸੋਮਾਲੀ ਲੋਕ ਇੱਥੇ ਅਪਣੇ ਵੀਕਐਂਡ ਦਾ ਅਨੰਦ ਲੈਂਦੇ ਹਨ। ਇਕ ਚਸ਼ਮਦੀਦ ਮੁਹੰਮਦ ਮੋਆਲਿਮ ਨੇ ਕਿਹਾ ਕਿ ਉਸ ਨੇ ਹਮਲਾਵਰ ਨੂੰ ਵਿਸਫੋਟਕ ਵੈਸਟ ਪਹਿਨੇ ਹੋਏ ਵੇਖਿਆ ਅਤੇ ਕੁੱਝ ਦੇਰ ਬਾਅਦ ਬੀਚ-ਵਿਊ ਹੋਟਲ ਦੇ ਨੇੜੇ ਖੁਦ ਨੂੰ ਧਮਾਕਾ ਕਰ ਲਿਆ।
ਮੋਆਲਿਮ ਨੇ ਕਿਹਾ ਕਿ ਹੋਟਲ ਵਿਚ ਉਸ ਦੇ ਨਾਲ ਮੌਜੂਦ ਉਸ ਦੇ ਕੁੱਝ ਦੋਸਤ ਮਾਰੇ ਗਏ ਅਤੇ ਹੋਰ ਜ਼ਖਮੀ ਹੋ ਗਏ। ਇਕ ਹੋਰ ਗਵਾਹ ਅਬਦੀਸਲਾਮ ਆਦਮ ਨੇ ਕਿਹਾ ਕਿ ਉਸ ਨੇ ਕਈ ਲੋਕਾਂ ਨੂੰ ਜ਼ਮੀਨ ’ਤੇ ਪਿਆ ਵੇਖਿਆ ਅਤੇ ਕੁੱਝ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ’ਚ ਮਦਦ ਕੀਤੀ।
ਅਲ-ਸ਼ਬਾਬ ਨਾਲ ਜੁੜੇ ਅਤਿਵਾਦੀਆਂ ਨੇ ਪਹਿਲਾਂ ਵੀ ਲੀਡੋ ਬੀਚ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ। ਪਿਛਲੇ ਸਾਲ ਹੋਏ ਸੱਭ ਤੋਂ ਤਾਜ਼ਾ ਹਮਲੇ ’ਚ ਨੌਂ ਲੋਕ ਮਾਰੇ ਗਏ ਸਨ। ਇਕ ਹੋਰ ਹਮਲੇ ਵਿਚ ਸਨਿਚਰਵਾਰ ਨੂੰ ਰਾਜਧਾਨੀ ਤੋਂ ਕਰੀਬ 40 ਕਿਲੋਮੀਟਰ ਦੂਰ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਇਆ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਪਿਛਲੇ ਸਾਲ ਅਤਿਵਾਦੀਆਂ ਵਿਰੁਧ ‘ਪੂਰਨ ਜੰਗ’ ਦਾ ਐਲਾਨ ਕੀਤਾ ਸੀ ਕਿਉਂਕਿ ਦੇਸ਼ ਨੇ ਅਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿਤੀ ਸੀ।