
ਨੇਪਾਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ 'ਤੇ ਇਕ ਘਰੇਲੂ ਜਹਾਜ਼ ਫਿਸਲ ਗਿਆ, ਜਿਸ ਕਾਰਨ ਕਰੀਬ 12 ਘੰਟਿਆਂ ਤੱਕ ਉਡਾਣਾਂ ਬੰਦ ਰਹੀਆਂ..............
ਕਾਠਮੰਡੂ : ਨੇਪਾਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ 'ਤੇ ਇਕ ਘਰੇਲੂ ਜਹਾਜ਼ ਫਿਸਲ ਗਿਆ, ਜਿਸ ਕਾਰਨ ਕਰੀਬ 12 ਘੰਟਿਆਂ ਤੱਕ ਉਡਾਣਾਂ ਬੰਦ ਰਹੀਆਂ ਅਤੇ ਹਜ਼ਾਰਾਂ ਯਾਤਰੀ ਉੱਥੇ ਫ਼ਸੇ ਰਹੇ। ਇਸ ਰਨਵੇਅ ਦੀ ਹਾਲ ਹੀ ਵਿਚ ਮੁਰੰਮਤ ਕੀਤੀ ਗਈ ਸੀ। ਕਾਠਮੰਡੂ ਦੀ ਇਕ ਪੋਸਟ ਮੁਤਾਬਕ ਸਨਿਚਰਵਾਰ ਰਾਤ ਰਨਵੇਅ 'ਤੇ ਯੇਤੀ ਏਅਰਲਾਈਨਜ਼ ਦਾ ਇਕ ਜਹਾਜ਼ ਫ਼ਿਸਲ ਜਾਣ ਮਗਰੋਂ ਤ੍ਰਿਭੁਵਨ ਇੰਟਰਨੈਸ਼ਨਲ ਹਵਾਈ ਅੱਡਾ ਬੰਦ ਕਰ ਦਿਤਾ ਗਿਆ।
ਜਹਾਜ਼ ਨੇਪਾਲਗੰਜ ਤੋਂ 21 ਯਾਤਰੀਆਂ ਨੂੰ ਲੈ ਕੇ ਕਾਠਮੰਡੂ ਗਿਆ ਸੀ। ਰੀਪੋਰਟ ਵਿਚ ਦੱਸਿਆ ਗਿਆ ਹੈ ਕਿ ਘਟਨਾ ਕਾਰਨ ਅੰਤਰਾਰਾਸ਼ਟਰੀ ਉਡਾਣਾਂ ਸਮੇਤ ਹਵਾਈ ਅੱਡੇ 'ਤੇ ਬਾਕੀ ਸੇਵਾਵਾਂ ਵੀ ਠੱਪ ਹੋ ਗਈਆਂ। ਭਾਵੇਂਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਪੋਸਟ ਵਿਚ ਦੱਸਿਆ ਗਿਆ ਹੈ ਕਿ ਘਟਨਾ ਦੇ 12 ਘੰਟਿਆਂ ਬਾਅਦ ਐਤਵਾਰ ਨੂੰ ਹਵਾਈ ਅੱਡੇ 'ਤੇ ਸਧਾਰਨ ਆਵਾਜਾਈ ਮੁੜ ਸ਼ੁਰੂ ਹੋ ਗਈ।
(ਪੀ.ਟੀ.ਆਈ)