
ਤੇਜ਼ ਹਵਾਵਾਂ ਨਾਲ ਵੱਡੇ ਖੇਤਰ 'ਚ ਫ਼ੈਲੀ ਅੱਗ
ਵੀਡ: ਅਮਰੀਕਾ ਦੇ ਪੱਛਮੀ ਰਾਜ ਕੈਲੀਫ਼ੋਰਨੀਆ ਵਿਖੇ ਇੱਕ ਲੱਕੜ ਮਿੱਲ ਵਿੱਚ ਕਥਿਤ ਤੌਰ 'ਤੇ ਅੱਗ ਲੱਗ ਗਈ, ਜਿਹੜੀ ਤੇਜ਼ ਹਵਾਵਾਂ ਦੇ ਕਾਰਨ ਪੇਂਡੂ ਖੇਤਰਾਂ ਵੱਲ੍ਹ ਵਧ ਗਈ, ਅਤੇ ਜਿਸ ਕਰਕੇ ਹਜ਼ਾਰਾਂ ਲੋਕਾਂ ਨੂੰ ਬਚਾਉਣ ਲਈ ਉੱਥੋਂ ਕੱਢ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਾਈ।
ਸਥਾਨਕ ਫ਼ਾਇਰ ਸਰਵਿਸ ਦੇ ਬੁਲਾਰੇ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਅੱਗ 'ਚ ਕਈ ਲੋਕ ਜ਼ਖਮੀ ਹੋਏ ਹਨ। ਡਿਗਨਿਟੀ ਹੈਲਥ ਨਾਰਥ ਸਟੇਟ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਦੋ ਜ਼ਖਮੀਆਂ ਨੂੰ ਮਰਸੀ ਮੈਡੀਕਲ ਸੈਂਟਰ ਮਾਊਂਟ ਸ਼ਾਸਟਾ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਸਥਿਰ ਹੈ ਜਦਕਿ ਦੂਜੇ ਨੂੰ ਯੂਸੀ ਡੇਵਿਸ ਮੈਡੀਕਲ ਸੈਂਟਰ ਭੇਜਿਆ ਗਿਆ ਹੈ।
ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਅੱਗ ਕੰਪਨੀ ਪਰਿਸਰ ਦੇ ਅੰਦਰ ਲੱਗੀ ਸੀ ਜਾਂ ਕਿਤੇ ਇਸ ਦੇ ਨੇੜੇ। ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ। ਅੱਗ ਫ਼ੈਲਣ ਦਾ ਮੁੱਖ ਕਾਰਨ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ ਦੱਸੀ ਗਈ ਹੈ, ਜਿਸ ਕਾਰਨ ਅੱਗ ਤੇਜ਼ੀ ਨਾਲ 10.3 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫ਼ੈਲੀ। ਜ਼ਿਕਰਯੋਗ ਹੈ ਕਿ ਕੈਲੀਫ਼ੋਰਨੀਆ ਵਿੱਚ ਤਿੰਨ ਦਿਨਾਂ ਦੌਰਾਨ ਅੱਗ ਨਾਲ ਵਾਪਰਨ ਵਾਲੀ ਤੀਜੀ ਘਟਨਾ ਹੈ। ਇਸ ਵੇਲੇ ਸੂਬਾ ਸੋਕੇ ਦੀ ਮਾਰ ਵੀ ਝੱਲ ਰਿਹਾ ਹੈ।