
ਹੁਣ 65 ਸਾਲ ਬਾਅਦ ਨਾਸਾ ਦੋ ਮਹਿਲਾ ਅਤੇ ਇਕ ਪੁਰਸ਼ ਪੁਤਲੇ ਨੂੰ ਮਿਸ਼ਨ ’ਤੇ ਭੇਜ ਰਹੀ ਹੈ।
ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਇਕ ਵਾਰ ਫਿਰ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣਾ ਚਾਹੁੰਦੀ ਹੈ ਅਤੇ ਆਰਟੇਮਿਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। ਹਾਲਾਂਕਿ ਪ੍ਰਾਜੈਕਟ ਦੇ ਪਹਿਲੇ ਮਿਸ਼ਨ ਆਰਟੇਮਿਸ-1 ਦੇ ਲਾਂਚ ਨੂੰ ਤਕਨੀਕੀ ਖਾਮੀਆਂ ਕਾਰਨ 29 ਅਗਸਤ ਨੂੰ ਮੁਲਤਵੀ ਕਰਨਾ ਪਿਆ ਸੀ। ਲਾਂਚ ਤੋਂ ਠੀਕ ਪਹਿਲਾਂ ਇਸ ਮਿਸ਼ਨ ਵਿਚ ਇੰਜਣ ਲੀਕ ਦੀ ਸਮੱਸਿਆ ਸੀ। ਹੁਣ ਏਜੰਸੀ ਨੇ ਇਸ ਲਾਂਚ ਲਈ 3 ਸਤੰਬਰ ਦੀ ਤਰੀਕ ਤੈਅ ਕੀਤੀ ਹੈ।
ਇਸ ਤੋਂ ਪਹਿਲਾਂ 3 ਨਵੰਬਰ 1957 ਵਿਚ ਲਾਈਕਾ ਨਾਂਅ ਦਾ ਇਕ ਮਾਦਾ ਕੁੱਤਾ ਪੁਲਾੜ ਵਿਚ ਭੇਜਿਆ ਸੀ। ਇਸ ਮਿਸ਼ਨ ਦੌਰਾਨ ਲਾਈਕਾ ਦੀ ਮੌਤ ਹੋ ਗਈ ਸੀ। ਹੁਣ 65 ਸਾਲ ਬਾਅਦ ਨਾਸਾ ਦੋ ਮਹਿਲਾ ਅਤੇ ਇਕ ਪੁਰਸ਼ ਪੁਤਲੇ ਨੂੰ ਮਿਸ਼ਨ ’ਤੇ ਭੇਜ ਰਹੀ ਹੈ। ਪੁਲਾੜ ਵਿਚ ਰੇਡੀਏਸ਼ਨ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਕੈਂਸਰ ਵੀ ਹੁੰਦਾ ਹੈ। ਇਸੇ ਲਈ ਚੰਦਰਮਾ 'ਤੇ ਦੁਬਾਰਾ ਮਨੁੱਖਾਂ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਅਮਰੀਕਾ ਆਪਣੇ ਆਰਟੇਮਿਸ-1 ਮਿਸ਼ਨ 'ਚ ਇਨਸਾਨਾਂ ਦੀ ਬਜਾਏ ਪੁਤਲੇ ਭੇਜ ਰਿਹਾ ਹੈ। ਇਹਨਾਂ ਪੁਤਲਿਆਂ ਨੂੰ ਮੈਨਿਕਿਨ ਕਿਹਾ ਜਾਂਦਾ ਹੈ ਅਤੇ ਅਜਿਹੇ ਵਿਸ਼ੇਸ਼ ਮੈਨਿਕਿਨਾਂ ਦੀ ਵਰਤੋਂ ਵਿਗਿਆਨਕ ਖੋਜ ਲਈ ਕੀਤੀ ਜਾਂਦੀ ਹੈ।
ਆਰਟੇਮਿਸ ਮਿਸ਼ਨ ਦੇ ਮੈਨੇਜਰ ਮਾਈਕਲ ਸਰਾਫਿਨ ਨੇ ਕਿਹਾ, "ਅਸੀਂ ਸ਼ਨੀਵਾਰ ਨੂੰ ਦੁਬਾਰਾ ਲਾਂਚ ਕਰਨ ਦੀ ਕੋਸ਼ਿਸ਼ ਕਰਾਂਗੇ।" ਹੁਣ 3 ਸਤੰਬਰ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਦੁਪਹਿਰ 2:17 ਵਜੇ ਲਾਂਚਿੰਗ ਤੈਅ ਕੀਤੀ ਗਈ ਹੈ। ਦੱਸ ਦੇਈਏ ਕਿ ਆਰਟੇਮਿਸ ਪ੍ਰਾਜੈਕਟ ਨਾਲ ਨਾਸਾ ਲਗਭਗ 50 ਸਾਲਾਂ ਬਾਅਦ ਇਕ ਵਾਰ ਫਿਰ ਚੰਦਰਮਾ 'ਤੇ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ।
1969 ਅਤੇ 1972 ਦੇ ਵਿਚਕਾਰ ਅਪੋਲੋ ਮਿਸ਼ਨਾਂ ਵਿਚ ਕਈ ਪੁਲਾੜ ਯਾਤਰੀ ਚੰਦਰਮਾ 'ਤੇ ਗਏ ਸਨ, ਪਰ ਉਦੋਂ ਤੋਂ ਕੋਈ ਵੀ ਚੰਦਰਮਾ 'ਤੇ ਨਹੀਂ ਉਤਰਿਆ ਹੈ। ਆਰਟੇਮਿਸ ਉਤਪਾਦ ਦੇ ਚੌਥੇ ਜਾਂ ਪੰਜਵੇਂ ਮਿਸ਼ਨ ਵਿਚ ਮਨੁੱਖ ਸਾਲ 2025 ਅਤੇ ਉਸ ਤੋਂ ਬਾਅਦ ਚੰਦਰਮਾ 'ਤੇ ਜਾਵੇਗਾ। ਆਰਟੇਮਿਸ ਮਿਸ਼ਨ ਦੇ ਨਾਲ ਪਹਿਲੀ ਵਾਰ ਇਕ ਔਰਤ ਅਤੇ ਇਕ ਕਾਲੇ ਪੁਲਾੜ ਯਾਤਰੀ ਨੂੰ ਚੰਦਰਮਾ 'ਤੇ ਭੇਜਿਆ ਜਾਵੇਗਾ।