
ਪਤੀ ਅਤੇ ਦਿਉਰਾਂ ਨੇ ਕਤਲ ਤੋਂ ਪਹਿਲਾਂ ਰੁੱਖ ਨਾਲ ਬੰਨ੍ਹ ਕੇ ਔਰਤ ਨੂੰ ਦਿਤੇ ਖੋਫ਼ਨਾਕ ਤਸੀਹੇ
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ’ਚ ਕਥਿਤ ਤੌਰ ’ਤੇ ਬਿਗਾਨੇ-ਮਰਦ ਨਾਲ ਸਬੰਧ ਬਣਾਉਣ ਦੇ ਦੋਸ਼ ਹੇਠ ਇਕ ਔਰਤ ਦਾ ਪੱਥਰ ਮਾਰ-ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਨੂੰ ਲਾਹੌਰ ਤੋਂ ਲਗਭਗ 500 ਕਿਲੋਮੀਟਰ ਦੂਰ ਪੰਜਾਬ ਦੇ ਰਾਜਨਪੁਰ ਜ਼ਿਲ੍ਹੇ ’ਚ ਹੋਈ।
ਉਨ੍ਹਾਂ ਦਸਿਆ ਕਿ ਔਰਤ ਦੇ ਪਤੀ ਨੇ ਉਸ ’ਤੇ ਬਿਗਾਨੇ-ਮਰਦ ਨਾਲ ਸਬੰਧ ਬਣਾਉਣ ਦਾ ਦੋਸ਼ ਲਾਇਆ ਹੈ। ਔਰਤ ਦੀ ਉਮਰ 20 ਸਾਲ ਦੇ ਆਸਪਾਸ ਹੈ।
ਸ਼ੁਕਰਵਾਰ ਨੂੰ ਉਸ ਦੇ ਪਤੀ ਨੇ ਅਪਣੇ ਦੋ ਭਰਾਵਾਂ ਨਾਲ ਮਿਲ ਕੇ ਔਰਤ ਨੂੰ ਇਕ ਦਰਖ਼ਤ ਨਾਲ ਬੰਨ੍ਹ ਦਿਤਾ ਅਤੇ ਪੱਥਰ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿਤਾ। ਉਨ੍ਹਾਂ ਕਿਹਾ ਕਿ ਪੱਥਰ ਮਾਰਨ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੇ ਉਸ ਨੂੰ ਬੇਰਹਿਮੀ ਨਾਲ ਤਸੀਹੇ ਵੀ ਦਿਤੇ। ਪੁਲਿਸ ਨੇ ਕਿਹਾ ਕਿ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਭਰਾ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਪੰਜਾਬ ਅਤੇ ਬਚੂਚਿਸਤਾਨ ਦੀ ਹੱਦ ਨੇੜੇ ਕਿਤੇ ਲੁਕ ਹੋਏ ਹਨ। ਔਰਤ ਰਾਜਨਪੁਰ ਦੀ ਅਲਕਾਨੀ ਜਨਜਾਤੀ ਦੀ ਸੀ।
ਪਾਕਿਸਤਾਨ ‘ਚ ਹਰ ਸਾਲ ਝੂਠੀ ਸ਼ਾਨ ਦੇ ਨਾਂ ’ਤੇ ਕਈ ਔਰਤਾਂ ਦਾ ਕਤਲ ਕਰ ਦਿਤਾ ਜਾਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਅਨੁਸਾਰ ਪਾਕਿਸਤਾਨ ’ਚ ਹਰ ਸਾਲ ਮਾਣ ਦੇ ਨਾਂ ’ਤੇ ਲਗਭਗ 1000 ਔਰਤਾਂ ਦਾ ਕਤਲ ਕਰ ਦਿਤਾ ਜਾਂਦਾ ਹੈ। ਇਹ ਵਿਆਪਕ ਰੂਪ ’ਚ ਮੰਨਿਆ ਜਾਂਦਾ ਹੈ ਕਿ ਪੀੜਤਾਂ ਨੇ ਅਪਣੀ ਇੱਛਾ ਵਿਰੁਧ ਵਿਆਹ ਕਰ ਕੇ ਜਾਂ ਸਬੰਧ ਬਣਾ ਕੇ ਅਪਣੇ ਪ੍ਰਵਾਰ ਨੂੰ ਸ਼ਰਮਸਾਰ ਅਤੇ ਬਦਨਾਮ ਕੀਤਾ ਹੈ। ਅਜਿਹੇ ਕਤਲਾਂ ਪਿੱਛੇ ਅਕਸਰ ਪ੍ਰਵਾਰ ਦੇ ਲੋਕ ਹੀ ਹੁੰਦੇ ਹਨ।
ਕੁਝ ਦਿਨ ਪਹਿਲਾਂ ਪੰਜਾਬ ਦੇ ਮੀਆਂਵਾਲੀ ਜ਼ਿਲ੍ਹੇ ’ਚ ਅਣਖ ਦੇ ਨਾਂ ’ਤੇ ਇਕ ਨੌਜੁਆਨ ਔਰਤ ਡਾਕਟਰ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਪੁਲਿਸ ਮੁਤਾਬਕ 25 ਸਾਲਾਂ ਦੀ ਡਾਕਟਰ ਅਪਣੇ ਸਹਿਕਰਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ।