
155 ਮਿਲੀਮੀਟਰ ਦੀ ਹੋਵਿਟਜ਼ਰ ਤੋਪ ਸਮੇਤ ਵੱਖ-ਵੱਖ ਤੋਪਖਾਨੇ ਪ੍ਰਣਾਲੀਆਂ ਦੀ ਪਰਖ
ਸ਼੍ਰੀਨਗਰ: ਪਾਕਿਸਤਾਨ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ਦੇ ਨੇੜੇ ਇਕ ਚੀਨੀ ਕੰਪਨੀ ਵਲੋਂ ਵਿਕਸਿਤ ਐੱਸ.ਐੱਚ.-15 ਦਾ ਪ੍ਰੋਟੋਟਾਈਪ ਅਤੇ ਟਰੱਕ ’ਤੇ ਲੱਗੀ 155 ਮਿਲੀਮੀਟਰ ਦੀ ਹੋਵਿਟਜ਼ਰ ਤੋਪ ਸਮੇਤ ਵੱਖ-ਵੱਖ ਤੋਪਖਾਨੇ ਪ੍ਰਣਾਲੀਆਂ ਦੀ ਪਰਖ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਖਾੜੀ ਅਤੇ ਪਛਮੀ ਯੂਰਪੀਅਨ ਦੇਸ਼ਾਂ ਅਤੇ ਉਸ ਦੇ ਲੰਮੇ ਸਮੇਂ ਦੇ ਸਹਿਯੋਗੀ ਤੁਰਕੀਏ ਨਾਲ ਅਪਣੇ ਰੱਖਿਆ ਸਬੰਧਾਂ ਨੂੰ ਵਧਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਆਇਆ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ’ਚ ਕੰਟਰੋਲ ਰੇਖਾ ’ਤੇ 155 ਐਮ.ਐਮ. ਤੋਪਾਂ ਦੀ ਗਤੀਵਿਧੀ ਵੇਖੀ ਗਈ ਸੀ। ਇਨ੍ਹਾਂ ਦਾ ਨਿਰਮਾਣ ਚੀਨ ਦੀ ਸਰਕਾਰੀ ਰੱਖਿਆ ਕੰਪਨੀ ਦੀ ਨਿਗਰਾਨੀ ਹੇਠ ਖਾੜੀ ਦੇਸ਼ ਦੀ ਮਦਦ ਨਾਲ ਕੀਤਾ ਗਿਆ ਹੈ। ਇਨ੍ਹਾਂ ਤੋਪਾਂ ਨੂੰ ਐਸ.ਐਚ.-15 ਦਾ ਇਕ ਰੂਪ ਮੰਨਿਆ ਜਾਂਦਾ ਹੈ ਜੋ ਅਪਣੀ ‘ਟੀਚਾ ਅਤੇ ਦੌੜ’ ਸਮਰੱਥਾ ਲਈ ਜਾਣਿਆ ਜਾਂਦਾ ਹੈ।
ਇਹ ਤੋਪਾਂ ਲਗਭਗ 30 ਕਿਲੋਮੀਟਰ ਦੀ ਵੱਧ ਤੋਂ ਵੱਧ ਰੇਂਜ ਅਤੇ ਪ੍ਰਤੀ ਮਿੰਟ ਛੇ ਰਾਊਂਡ ਤਕ ਦੀ ਫਾਇਰਿੰਗ ਦਰ ਦੇ ਨਾਲ ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਨੂੰ ਫਾਇਰ ਕਰ ਸਕਦੀਆਂ ਹਨ।
ਜਿਨ੍ਹਾਂ ਤੋਪਖਾਨੇ ਪ੍ਰਣਾਲੀਆਂ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ, ਉਨ੍ਹਾਂ ’ਚ ਨਵੀਨੀਕਰਨ ਕੀਤਾ ਗਿਆ ਐੱਮ109 ਵੀ ਸ਼ਾਮਲ ਹੈ, ਜਿਸ ਦੀ ਰੇਂਜ 24 ਕਿਲੋਮੀਟਰ ਹੈ ਅਤੇ ਇਹ ਸਿਰਫ 40 ਸਕਿੰਟਾਂ ’ਚ 6 ਗੋਲੇ ਦਾਗ ਸਕਦਾ ਹੈ। ਅਧਿਕਾਰੀਆਂ ਨੇ ਦਸਿਆ ਕਿ ਤੋਪਖਾਨੇ ਦੀ ਪ੍ਰਣਾਲੀ ਦੇ ਅਪਗ੍ਰੇਡ ਵਰਜਨ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ, ਜੋ ਸ਼ੁਰੂਆਤ ’ਚ ਪਛਮੀ ਯੂਰਪੀ ਦੇਸ਼ ਤੋਂ ਮਿਲਿਆ ਸੀ।
ਉਨ੍ਹਾਂ ਕਿਹਾ ਕਿ ਤੁਰਕੀਏ ਨੇ ਤੁਰਕੀ ਦੀ ਰੱਖਿਆ ਕੰਪਨੀ ਐਫ.ਐਨ.ਐਸ.ਐਸ. ਵਲੋਂ ਨਿਰਮਿਤ ਆਧੁਨਿਕ 105 ਐਮ.ਐਮ. ਬੰਦੂਕਾਂ ਸਮੇਤ ਫੌਜੀ ਵਾਧੇ ’ਚ ਯੋਗਦਾਨ ਪਾਇਆ ਹੈ। ਦਰਮਿਆਨੇ ਭਾਰ ਵਾਲੇ ਟੈਂਕ ’ਚ ਇਕ ਮਿਆਰੀ 105 ਮਿਲੀਮੀਟਰ ਤੋਪ ਲਗਾਈ ਗਈ ਹੈ ਜੋ ਬਖ਼ਤਰ ਨੂੰ ਛੂਹਣ ਅਤੇ ਉੱਚ ਕੈਲੀਬਰ ਗੋਲੇ ਚਲਾਉਣ ਦੇ ਸਮਰੱਥ ਹੈ।
ਅਧਿਕਾਰੀਆਂ ਮੁਤਾਬਕ ਕੰਟਰੋਲ ਰੇਖਾ ’ਤੇ ਪਾਕਿਸਤਾਨ ਦੀ ਫੌਜੀ ਸਮਰੱਥਾ ਵਧਾਉਣ ’ਚ ਵੀ ਚੀਨ ਦੀ ਅਹਿਮ ਭੂਮਿਕਾ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਸਹਾਇਤਾ ’ਚ ਬੰਕਰਾਂ, ਮਨੁੱਖ ਰਹਿਤ ਹਵਾਈ ਗੱਡੀਆਂ (ਯੂ.ਏ.ਵੀ.), ਲੜਾਕੂ ਹਵਾਈ ਗੱਡੀਆਂ ਅਤੇ ਆਧੁਨਿਕ ਸੰਚਾਰ ਪ੍ਰਣਾਲੀਆਂ ਦਾ ਨਿਰਮਾਣ ਸ਼ਾਮਲ ਹੈ।
ਇਸ ਸਾਲ ਦੀ ਸ਼ੁਰੂਆਤ ’ਚ ਚੀਨ ਦੀ ਨਾਰਥ ਇੰਡਸਟਰੀਜ਼ ਗਰੁੱਪ ਕਾਰਪੋਰੇਸ਼ਨ ਲਿਮਟਿਡ (ਨੋਰਿਨਕੋ) ਨੇ 56 ਐੱਸਐੱਚ-15 (155 ਮਿਲੀਮੀਟਰ ਕੈਲੀਬਰ) ਸਵੈ-ਚਾਲਿਤ ਹੋਵਿਟਜ਼ਰ ਤੋਪਾਂ ਦੀ ਦੂਜੀ ਖੇਪ ਪਾਕਿਸਤਾਨੀ ਫੌਜ ਨੂੰ ਸੌਂਪੀ ਸੀ।