
ਅਮਰੀਕਾ ਦੇ ਬਾਅਦ ਹੁਣ ਸ਼੍ਰੀਲੰਕਾ ਵਿਚ ਵੀ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 73 ਭਾਰਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....
ਕੋਲੰਬੋ : ਅਮਰੀਕਾ ਦੇ ਬਾਅਦ ਹੁਣ ਸ਼੍ਰੀਲੰਕਾ ਵਿਚ ਵੀ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 73 ਭਾਰਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਮੀਗ੍ਰੇਸ਼ਨ ਐਂਡ ਮਾਈਗ੍ਰੇਸ਼ਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦਸਿਆ ਨੇ ਸਨਿਚਰਵਾਰ ਨੂੰ ਭਾਰਤੀ ਮੂਲ ਦੇ 49 ਲੋਕਾਂ ਨੂੰ ਮਤੁਗਾਮਾ ਦੀ ਇਕ ਫੈਕਟਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਵੀਜ਼ਾ ਮਿਆਦ ਖਤਮ ਹੋਣ ਦੇ ਬਾਅਦ ਵੀ ਉੱਥੇ ਰਹਿ ਰਹੇ ਸਨ। ਅਧਿਕਾਰੀਆਂ ਨੇ ਦਸਿਆ ਕਿ ਬੀਤੇ ਮਹੀਨੇ ਇੰਗੀਰੀਆ ਦੀ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ 24 ਭਾਰਤੀ ਗ੍ਰਿਫ਼ਤਾਰ ਕੀਤੇ ਸਨ।
ਉਨ੍ਹਾਂ 'ਤੇ ਵੀ ਵੀਜ਼ਾ ਮਿਆਦ ਖਤਮ ਹੋਣ ਦੇ ਬਾਅਦ ਉੱਥੇ ਰਹਿਣ ਦਾ ਦੋਸ਼ ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਮਿਰੀਹਾਨਾ ਦੇ ਇਮੀਗ੍ਰੇਸ਼ਨ ਡਿਟੈਸ਼ਨ (ਹਿਰਾਸਤ) ਸੈਂਟਰ ਭੇਜ ਦਿਤਾ ਗਿਆ ਹੈ। ਅਧਿਕਾਰੀਆਂ ਨੇ ਅੱਗੇ ਦਸਿਆ ਕਿ ਸਾਰੇ ਗ੍ਰਿਫ਼ਤਾਰ ਲੋਕਾਂ ਨੂੰ ਜ਼ਰੂਰੀ ਰਸਮੀ ਕਾਰਵਾਈ ਪੂਰੀ ਕਰਨ ਦੇ ਬਾਅਦ ਭਾਰਤ ਵਾਪਸ ਭੇਜ ਦਿਤਾ ਜਾਵੇਗਾ। ਉੱਧਰ ਹਾਲ ਹੀ ਵਿਚ ਅਮਰੀਕੀ ਅਧਿਕਾਰੀਆਂ ਨੇ ਕਥਿਤ ਰੂਪ ਨਾਲ ਦੇਸ਼ ਵਿਚ ਬਣੇ ਰਹਿਣ ਲਈ ਇਕ ਫਰਜ਼ੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਦੇ ਸਿਲਸਿਲੇ ਵਿਚ 130ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੁਧਵਾਰ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਕੀਤੀ। ਭਾਰਤੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੇ ਬਾਅਦ ਭਾਰਤ ਦਾ ਵਿਦੇਸ਼ ਮੰਤਰਾਲੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਭਾਰਤ ਨੇ ਇਸ ਕਾਰਵਾਈ ਨੂੰ ਲੈ ਕੇ ਅਮਰੀਕਾ ਦੇ ਸਾਹਮਣੇ ਵਿਰੋਧ ਵੀ ਦਰਜ ਕਰਵਾਇਆ ਹੈ।