
ਬੇਘਰ ਔਰਤਾਂ ਦੇ ਕਾਤਲ ਵਿਰੁਧ ਚਾਰ ਸਾਲ ਬਾਅਦ ਮੁਕੱਦਮਾ ਸ਼ੁਰੂ
ਐਂਕੋਰੇਜ (ਕੈਲੀਫੋਰਨੀਆ) : ਅਮਰੀਕਾ ਦੇ ਐਂਕੋਰੇਜ ਸ਼ਹਿਰ ’ਚ ਇਕ ਦੇਹ ਵਪਾਰ ’ਚ ਸ਼ਾਮਲ ਔਰਤ ਨੇ ਉਸ ਸਮੇਂ ਗੱਡੀ ’ਚੋਂ ਡਿਜੀਟਲ ਮੈਮੋਰੀ ਕਾਰਡ ਚੋਰੀ ਕਰ ਲਿਆ ਜਦੋਂ ਉਹ ਇਕ ਟਰੱਕ ਡਰਾਈਵਰ ਨਾਲ ‘ਡੇਟ’ ’ਤੇ ਗਈ ਹੋਈ ਸੀ। ਪਰ ਉਸ ਸਮੇਂ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਾਰਡ ’ਚ ਦੋ ਕਤਲਾਂ ਦਾ ਭੇਤ ਲੁਕਿਆ ਹੋਇਆ ਹੈ।
ਇਸ ਔਰਤ ਨੂੰ ਉਸ ਕਾਰਡ ਵਿਚ ਜੋ ਮਿਲਿਆ, ਉਹ ਦੋਹਰੇ ਕਤਲ ਦੀ ਕੁੰਜੀ ਹੈ। ਹੁਣ ਚਾਰ ਸਾਲ ਬਾਅਦ ਇਸ ਕਤਲ ਕੇਸ ਦੀ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਕਾਰਡ ਵਿਚ ਮੈਰੀਅਟ ਹੋਟਲ ਅੰਦਰ ਇਕ ਔਰਤ ਨੂੰ ਕੁੱਟਣ ਅਤੇ ਗਲਾ ਘੁੱਟ ਕੇ ਮਾਰਨ ਦੀਆਂ ਭਿਆਨਕ ਤਸਵੀਰਾਂ ਅਤੇ ਵੀਡੀਉ ਹਨ। ਇਸ ਵਿਚ ਉਸ ਦੀ ਲਾਸ਼ ਨੂੰ ਕੰਬਲ ਵਿਚ ਢਕਿਆ ਹੋਇਆ ਵੀ ਵਿਖਾਇਆ ਗਿਆ ਹੈ ਜਿਸ ਨੂੰ ਗੱਡੀ ਵਿਚ ਲਿਜਾਇਆ ਜਾ ਰਿਹਾ ਹੈ।
ਇਕ ਵੀਡੀਉ ’ਚ ਹਮਲਾਵਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਮੇਰੀਆਂ ਫਿਲਮਾਂ ’ਚ ਹਰ ਕਿਸੇ ਨੂੰ ਮਰਨਾ ਪੈਂਦਾ ਹੈ।’’ ਟਰੱਕ ਤੋਂ ਐਸ.ਡੀ. ਕਾਰਡ ਚੋਰੀ ਕਰਨ ਦੇ ਲਗਭਗ ਇਕ ਹਫਤੇ ਬਾਅਦ, ਔਰਤ ਨੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ, ਜਿਸ ’ਚ ਰੀਕਾਰਡ ਵੀਡੀਉ ਵਿਚ ਉਸ ਨੇ ਜੋ ਆਵਾਜ਼ ਸੁਣੀ ਉਹ ਬ੍ਰਾਇਨ ਸਟੀਵਨ ਸਮਿਥ (52) ਦੀ ਦਸੀ, ਜਿਸ ਨੂੰ ਉਹ ਪਹਿਲਾਂ ਦੀ ਜਾਂਚ ਤੋਂ ਹੀ ਜਾਣਦੇ ਸਨ। ਉਹ ਦਖਣੀ ਅਫਰੀਕਾ ਦਾ ਰਹਿਣ ਵਾਲਾ ਹੈ। ਸਮਿਥ ਨੇ ਕੈਥਲੀਨ ਹੈਨਰੀ (30) ਅਤੇ ਵੇਰੋਨਿਕਾ ਅਬੂਚੁਕ (52) ਦੀ ਮੌਤ ਦੇ ਮਾਮਲੇ ਵਿਚ ਕਤਲ, ਜਿਨਸੀ ਸੋਸ਼ਣ ਅਤੇ ਸਬੂਤਾਂ ਨਾਲ ਛੇੜਛਾੜ ਦੇ 14 ਦੋਸ਼ਾਂ ਨੂੰ ਨਹੀਂ ਮਨਜ਼ੂਰ ਨਹੀਂ ਕੀਤਾ।
ਹੈਨਰੀ ਅਤੇ ਅਬੂਚੁਕ ਦੋਵੇਂ ਅਲਾਸਕਾ ਦੇ ਰਹਿਣ ਵਾਲੀਆਂ ਸਨ ਅਤੇ ਬੇਘਰ ਸਨ। ਉਹ ਪਛਮੀ ਅਲਾਸਕਾ ਦੇ ਛੋਟੇ ਪਿੰਡਾਂ ਤੋਂ ਸਨ। ਅਧਿਕਾਰੀਆਂ ਨੇ ਦਸਿਆ ਕਿ ਹੈਨਰੀ ਦਾ ਕਤਲ ਮੈਰੀਅਟ ਹੋਟਲ ’ਚ ਕੀਤਾ ਗਿਆ। ਸਮਿਥ 2 ਸਤੰਬਰ ਤੋਂ 4 ਸਤੰਬਰ, 2019 ਤਕ ਹੋਟਲ ’ਚ ਰਿਹਾ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਕਾਰਡ ’ਤੇ ਆਖਰੀ ਤਸਵੀਰ 6 ਸਤੰਬਰ ਦੀ ਸੀ ਅਤੇ ਇਸ ’ਚ ਹੈਨਰੀ ਦੀ ਲਾਸ਼ ਕਾਲੇ ਰੰਗ ਦੀ ਪਿਕਅਪ ਗੱਡੀ ਦੇ ਪਿਛਲੇ ਹਿੱਸੇ ’ਚ ਵਿਖਾਈ ਦੇ ਰਹੀ ਸੀ।
ਅਧਿਕਾਰੀਆਂ ਨੂੰ ਅਬੂਚੁਕ ਦੇ ਕਤਲ ਬਾਰੇ ਵੀ ਪਤਾ ਲੱਗਾ ਜਦੋਂ ਸਮਿਥ ਤੋਂ ਮੈਰੀਅਟ ਕੇਸ ਬਾਰੇ ਪੁੱਛ-ਪੜਤਾਲ ਕੀਤੀ ਗਈ।
ਅਧਿਕਾਰੀਆਂ ਨੇ ਦਸਿਆ ਕਿ ਸਮਿਥ 2014 ’ਚ ਅਲਾਸਕਾ ਪਹੁੰਚਿਆ ਸੀ ਅਤੇ ਉਸ ਨੂੰ ਇਸ ਸਮੇਂ ਇਕ ਸੁਧਾਰ ਘਰ ’ਚ ਰੱਖਿਆ ਗਿਆ ਹੈ ਅਤੇ ਹੈਨਰੀ ਦੇ ਕਤਲ ਦੇ ਮਹੀਨੇ ਹੀ ਉਹ ਅਮਰੀਕੀ ਨਾਗਰਿਕ ਬਣ ਗਿਆ ਸੀ। ਐਂਕੋਰੇਜ ਵਿਚ ਰਹਿਣ ਵਾਲੀ ਉਸ ਦੀ ਪਤਨੀ ਸਟੈਫਨੀ ਬੀਲੈਂਡ ਅਤੇ ਦਖਣੀ ਅਫਰੀਕਾ ਵਿਚ ਉਸ ਦੀ ਭੈਣ ਨੇ ਮੁਕੱਦਮੇ ਬਾਰੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ। ਮੁਕੱਦਮਾ ਸੋਮਵਾਰ ਤੋਂ ਸ਼ੁਰੂ ਹੋਣ ਅਤੇ ਤਿੰਨ ਤੋਂ ਚਾਰ ਹਫ਼ਤਿਆਂ ਤਕ ਚੱਲਣ ਦੀ ਸੰਭਾਵਨਾ ਹੈ।