
ਡਰਦੇ ਲੋਕਾਂ ਨੇ ਘਰਾਂ 'ਚ ਜ਼ਰੂਰਤ ਦਾ ਸਮਾਨ ਕੀਤਾ ਜਮ੍ਹਾਂ
ਆਸਟ੍ਰੇਲੀਆ- ਦੁਨੀਆ ਭਰ ਵਿਚ ਸੈਂਕੜੇ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਕੋਰੋਨਾ ਵਾਇਰਸ ਨੇ ਆਸਟ੍ਰੇਲੀਆ ਵਿਚ ਵੀ ਭਾਰੀ ਦਹਿਸ਼ਤ ਮਚਾ ਦਿੱਤੀ ਹੈ। ਸੰਸਾਰ ਦੇ ਇਸ ਖ਼ੂਬਸੂਰਤ ਦੇਸ਼ ਵਿਚ ਇਸ ਭਿਆਨਕ ਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ਦੇ ਸਿਡਨੀ ਵਿਚ ਇਕ ਬਿਰਧ ਆਸ਼ਰਮ ਵਿਚ ਕੰਮ ਕਰਨ ਵਾਲੀ ਔਰਤ ਦੇ ਕੋਰੋਨਾ ਤੋਂ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਉਣ ਦੇ ਨਾਲ ਹੀ ਦੇਸ਼ ਵਿਚ ਬੁੱਧਵਾਰ ਨੂੰ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਕੇ 41 ਹੋ ਗਈ ਹੈ।
File
ਮਾਹਿਰਾਂ ਨੂੰ ਅਜੇ ਤਕ ਇਹ ਪਤਾ ਨਹੀਂ ਚੱਲ ਸਕਿਆ ਕਿ ਇਸ 50 ਸਾਲਾ ਔਰਤ ਨੂੰ ਇਹ ਵਾਇਰਸ ਕਿਵੇਂ ਲੱਗਿਆ? ਇਸ ਮਗਰੋਂ ਉਸ ਔਰਤ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਭਾਵੇਂ ਅਲੱਗ ਥਲੱਗ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਡਾਇਮੰਡ ਪ੍ਰਿੰਸਜ਼ ਜਹਾਜ਼ 'ਤੇ ਜਪਾਨ ਤੋਂ ਆਏ ਇਕ 78 ਸਾਲਾ ਵਿਅਕਤੀ ਦੀ ਪਰਥ ਵਿਚ ਮੌਤ ਹੋ ਗਈ ਸੀ, ਜੋ ਕੋਰੋਨਾ ਵਾਇਰਸ ਤੋਂ ਪੀੜਤ ਸੀ। ਨਿਊ ਸਾਊਥ ਵੇਲਜ਼ ਵਿਚ ਪਿਛਲੇ ਐਤਵਾਰ ਤੋਂ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
File
ਆਸਟ੍ਰੇਲੀਆ ਵਿਚ ਵਾਇਰਸ ਤੋਂ ਪੀੜਤ ਹੋਏ ਤਿੰਨ ਲੋਕਾਂ ਤੋਂ ਇਲਾਵਾ ਜ਼ਿਆਦਾਤਰ ਮਾਮਲੇ ਬਾਹਰੀ ਯਾਤਰੀਆਂ ਨਾਲ ਜੁੜੇ ਹੋਏ ਹਨ। ਕਵੀਂਸਲੈਂਡ ਸੂਬੇ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ 20 ਸਾਲਾ ਚੀਨੀ ਨਾਗਰਿਕ ਦੇ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਸੀ, ਉਹ 23 ਫਰਵਰੀ ਨੂੰ ਦੁਬਈ ਵਿਚ 14 ਦਿਨ ਰਹਿਣ ਮਗਰੋਂ ਆਸਟ੍ਰੇਲੀਆ ਆਇਆ ਸੀ।
File
ਇਸੇ ਦੌਰਾਨ ਵਿਕਟੋਰੀਆ ਸੂਬੇ ਵਿਚ ਇਰਾਨ ਤੋਂ ਮੈਲਬੌਰਨ ਆਏ ਇਕ 30 ਸਾਲਾ ਵਿਅਕਤੀ ਵਿਚ ਵੀ ਇਹ ਵਾਇਰਸ ਪਾਏ ਜਾਣ ਤੋਂ ਬਾਅਦ ਇਸ ਸੂਬੇ ਵਿਚ ਵੀ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਡਾਕਟਰਾਂ ਦੀ ਦੇਖ ਰੇਖ ਵਿਚ ਰੱਖਿਆ ਗਿਆ ਹੈ। ਹੁਣ ਆਸਟ੍ਰੇਲੀਆ ਦੇ ਲੋਕਾਂ ਵਿਚ ਕੋਰੋਨਾ ਵਾਇਰਸ ਦਾ ਖ਼ੌਫ਼ ਇਸ ਕਦਰ ਫੈਲ ਗਿਆ ਹੈ ਕਿ ਲੋਕਾਂ ਨੇ ਘਰਾਂ ਵਿਚੋਂ ਨਿਕਲਣਾ ਬੰਦ ਕਰ ਦਿੱਤਾ ਹੈ। ਹੋਰ ਤਾਂ ਹੋਰ ਬਹੁਤ ਸਾਰੇ ਲੋਕਾਂ ਨੇ ਵੱਡੀ ਗਿਣਤੀ ਵਿਚ ਆਮ ਵਰਤੋਂ ਦਾ ਸਮਾਨ ਅਪਣੇ ਘਰਾਂ ਵਿਚ ਜਮ੍ਹਾਂ ਕਰਕੇ ਰੱਖ ਲਿਆ ਹੈ।
File
ਸਮਾਨ ਦੀ ਜ਼ਿਆਦਾ ਵਿਕਰੀ ਹੋਣ ਕਾਰਨ ਸਮਾਨ ਵੇਚਣ ਵਾਲੇ ਸ਼ੋਅਰੂਮ ਖ਼ਾਲੀ ਹੋ ਗਏ ਹਨ। ਲੋਕਾਂ ਵਿਚ ਕੋਰੋਨਾ ਵਾਇਰਸ ਦੇ ਡਰ ਨੂੰ ਦੇਖਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਆਖਿਆ ਕਿ ਆਮ ਲੋਕਾਂ ਨੂੰ ਕਿਸੇ ਵੀ ਦਬਾਅ ਅਤੇ ਡਰ ਹੇਠ ਆਉਣ ਦੀ ਲੋੜ ਨਹੀਂ, ਸਾਡੇ ਕੋਲ ਸਥਿਤੀ ਨਾਲ ਨਿਪਟਣ ਦੇ ਪੂਰੇ ਪ੍ਰਬੰਧ ਨੇ ਅਤੇ ਹਰ ਤਰ੍ਹਾਂ ਦੇ ਸਮਾਨ ਦੇ ਉਚਿੱਤ ਭੰਡਾਰ ਮੌਜੂਦ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਲਪੇਟ ਵਿਚ ਵਿਸ਼ਵ ਭਰ ਦੇ ਕਰੀਬ 70 ਦੇਸ਼ ਆਏ ਹੋਏ ਨੇ, ਜਿਨ੍ਹਾਂ ਵਿਚ 3 ਹਜ਼ਾਰ ਦੇ ਕਰੀਬ ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।