
ਕੱਟੜਪੰਥੀ ਸਿਆਸਤਦਾਨਾਂ ਦੇ ਬਾਈਕਾਟ ਦੇ ਸੱਦੇ ਦੇ ਵਿਚਕਾਰ ਹੋਈਆਂ ਸਨ ਸੰਸਦੀ ਚੋਣਾਂ
ਦੁਬਈ: ਈਰਾਨ ’ਚ ਸੰਸਦੀ ਚੋਣਾਂ ਦੇ ਬਾਈਕਾਟ ਅਤੇ ਘੱਟ ਵੋਟਿੰਗ ਦੇ ਵਿਚਕਾਰ ਸੋਮਵਾਰ ਨੂੰ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਸੰਸਦ ’ਚ ਕੱਟੜਪੰਥੀ ਸਿਆਸੀ ਨੇਤਾਵਾਂ ਦਾ ਦਬਦਬਾ ਜਾਰੀ ਰਿਹਾ। ਅਧਿਕਾਰੀਆਂ ਨੇ ਅਜੇ ਤਕ ਸ਼ੁਕਰਵਾਰ ਨੂੰ ਹੋਈਆਂ ਚੋਣਾਂ ਦੀ ਗਿਣਤੀ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਦੇਰੀ ਦਾ ਕੋਈ ਕਾਰਨ ਨਹੀਂ ਦਸਿਆ ਹੈ। ਰਾਜਧਾਨੀ ਤਹਿਰਾਨ ’ਚ ਪੋਲਿੰਗ ਸਟੇਸ਼ਨਾਂ ’ਤੇ ਭੀੜ ਨਹੀਂ ਸੀ ਅਤੇ ਇਸ ਕਾਰਨ ਵੋਟਿੰਗ ਫ਼ੀ ਸਦੀ ਘੱਟ ਹੋਣ ਦੀ ਉਮੀਦ ਹੈ। ਜੇਲ੍ਹ ’ਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਸਮੇਤ ਦੇਸ਼ ਦੇ ਕੁੱਝ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ। 2022 ’ਚ 22 ਸਾਲਾ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ ਪਹਿਲੀ ਚੋਣ ਸੀ।
ਹਿਜਾਬ ਨਾ ਪਹਿਨਣ ’ਤੇ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹਿਰਾਸਤ ’ਚ ਉਸ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੋਹਸਿਨ ਇਸਲਾਮੀ ਨੇ ਕਿਹਾ ਕਿ ਵੋਟਰਾਂ ਨੇ ਪਹਿਲੇ ਪੜਾਅ ’ਚ 245 ਸੀਟਾਂ ’ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ। ਬਾਕੀ 45 ਸੀਟਾਂ ’ਤੇ ਅਪ੍ਰੈਲ ਜਾਂ ਮਈ ’ਚ ਵੋਟਾਂ ਪੈਣਗੀਆਂ ਕਿਉਂਕਿ ਉਮੀਦਵਾਰਾਂ ਨੂੰ ਲੋੜੀਂਦੀਆਂ 20 ਫ਼ੀ ਸਦੀ ਵੋਟਾਂ ਨਹੀਂ ਮਿਲਦੀਆਂ। ਚੁਣੇ ਗਏ 245 ਸਿਆਸੀ ਨੇਤਾਵਾਂ ਵਿਚੋਂ 200 ਨੂੰ ਕੱਟੜਪੰਥੀ ਸਮੂਹਾਂ ਦਾ ਸਮਰਥਨ ਪ੍ਰਾਪਤ ਹੈ।
ਐਸੋਸੀਏਟਿਡ ਪ੍ਰੈਸ ਵਲੋਂ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ, ਮੌਜੂਦਾ ਸੰਸਦ ’ਚ 16 ਔਰਤਾਂ ਦੇ ਮੁਕਾਬਲੇ ਸਿਰਫ 11 ਸੀਟਾਂ ਔਰਤਾਂ ਨੇ ਜਿੱਤੀਆਂ ਹਨ। ਨਿਊਯਾਰਕ ਸਥਿਤ ਸੌਫਾਨ ਸੈਂਟਰ ਥਿੰਕ ਟੈਂਕ ਨੇ ਸੋਮਵਾਰ ਨੂੰ ਇਕ ਵਿਸ਼ਲੇਸ਼ਣ ਵਿਚ ਕਿਹਾ ਕਿ ਸ਼ੁਕਰਵਾਰ ਨੂੰ ਹੋਈਆਂ ਚੋਣਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਈਰਾਨ ਦੀਆਂ ਨੀਤੀਆਂ ਨੇੜਲੇ ਭਵਿੱਖ ਵਿਚ ਨਹੀਂ ਬਦਲਣਗੀਆਂ ਪਰ ਵੋਟਾਂ ਨੇ ਵਿਖਾ ਇਆ ਕਿ ਈਰਾਨੀ ਲੋਕ ਇਸਲਾਮਿਕ ਗਣਰਾਜ ਦੀਆਂ ਨੀਤੀਆਂ ਤੋਂ ਅਸੰਤੁਸ਼ਟ ਹਨ।