Editorial: ਭਾਰਤ-ਕੈਨੇਡਾ ਸਬੰਧਾਂ ਨੂੰ ਮਿਲੀ ਨਵੀਂ ਨੁਹਾਰ
Published : Mar 4, 2026, 6:30 am IST
Updated : Mar 3, 2026, 10:26 pm IST
SHARE ARTICLE
Editorial: India-Canada relations get a new look
Editorial: India-Canada relations get a new look

ਸਾਲ 2030 ਤਕ ਦੁਵੱਲਾ ਸਾਲਾਨਾ ਵਪਾਰ 50 ਅਰਬ ਡਾਲਰਾਂ ਤਕ ਲਿਜਾਣ ਦਾ ਟੀਚਾ

Editorial: ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਫੇਰੀ ਨੇ ਜਿੱਥੇ ਦੋਵਾਂ ਦੇਸ਼ਾਂ ਦੇ ਸਬੰਧ ਲੀਹ ’ਤੇ ਲਿਆਉਣ ਵਿਚ ਅਹਿਮ ਯੋਗਦਾਨ ਪਾਇਆ ਹੈ, ਉੱਥੇ ਇਹ ਵੀ ਦਰਸਾਇਆ ਹੈ ਕਿ ਦੋ ‘ਦਰਮਿਆਨੀਆਂ ਆਰਥਿਕ ਤਾਕਤਾਂ’ ਜਜ਼ਬਾਤੀ ਕਿਸਮ ਦੇ ਢੋਲ-ਢਮੱਕੇ ਤੋਂ ਬਿਨਾਂ ਵੀ ਆਪਸੀ ਹਿਤਾਂ ਨਾਲ ਜੁੜੀ ਲੈਣ-ਦੇਣ ਲਾਹੇਵੰਦੇ ਢੰਗ ਨਾਲ ਸਿਰੇ ਚਾੜ੍ਹ ਸਕਦੀਆਂ ਹਨ। ਇਸ ਫੇਰੀ ਦੌਰਾਨ ਕੈਨੇਡਾ ਤੇ ਭਾਰਤ ਨੇ ਯੂਰੇਨੀਅਮ ਅਤੇ ਕੀਮਤੀ ਖਣਿਜੀ ਮਿੱਟੀਆਂ (ਰੇਅਰ ਅਰਥਜ਼) ਦੀ ਸਪਲਾਈ ਸਬੰਧੀ ਸਮਝੌਤੇ ਸਹੀਬੰਦ ਕੀਤੇ, ਊਰਜਾ ਖੇਤਰ ਵਿਚ ਸਹਿਯੋਗ ਵਧਾਉਣ ਦਾ ਰਾਹ ਪੱਧਰਾ ਕੀਤਾ ਅਤੇ ਨਾਲ ਹੀ ਵਿਆਪਕ ਆਰਥਿਕ ਭਾਈਵਾਲੀ ਸੰਧੀ (ਸੀ.ਏ.ਪੀ.ਏ.) ਦਾ ਆਧਾਰ ਵੀ ਤਿਆਰ ਕੀਤਾ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਵਲ ਪੇਸ਼ਕਦਮੀ ਲਈ ਲੋੜੀਂਦੇ ਨੁਕਤੇ ਵੀ ਵਿਚਾਰੇ ਅਤੇ ਨਾਲ ਹੀ ਸਾਲ 2030 ਤਕ ਦੁਵੱਲਾ ਸਾਲਾਨਾ ਵਪਾਰ 50 ਅਰਬ ਡਾਲਰਾਂ ਤਕ ਲਿਜਾਣ ਦਾ ਟੀਚਾ ਵੀ ਤੈਅ ਕੀਤਾ। ਸ੍ਰੀ ਕਾਰਨੀ ਦੇ ਇਸ ਦੌਰੇ ਦੌਰਾਨ ਕੁਲ ਮਿਲਾ ਕੇ 9 ਸਮਝੌਤੇ ਸਹੀਬੰਦ ਹੋਏ। ਇਹ ਮੁੱਖ ਤੌਰ ’ਤੇ ਰੱਖਿਆ ਖੇਤਰ ’ਚ ਸਹਿਯੋਗ, ਅਤਿ-ਅਹਿਮ ਟੈਕਨਾਲੋਜੀ ਦੇ ਤਬਾਦਲੇ ਅਤੇ ਪਰਮਾਣੂ ਰੀਐਕਟਰਾਂ ਦੀ ਸਪਲਾਈ ਨਾਲ ਸਬੰਧਿਤ ਸਨ। ਇਸ ਸਮੇਂ ਦੋਵਾਂ ਦੇਸ਼ਾਂ ਦਾ ਸਾਲਾਨਾ ਆਪਸੀ ਵਪਾਰ 13 ਅਰਬ ਡਾਲਰਾਂ ਦਾ ਹੈ। ਇਸ ਦੀ ਮਾਲੀਅਤ ਮਹਿਜ਼ ਚਾਰ ਵਰਿ੍ਹਆਂ ਦੇ ਅੰਦਰ 50 ਅਰਬ ਡਾਲਰਾਂ ਤਕ ਲਿਜਾਣਾ ਬਹੁਤ ਅਹਿਮ ਪ੍ਰਾਪਤੀ ਹੋਵੇਗੀ। ਇਸੇ ਤਰ੍ਹਾਂ ਕੈਨੇਡਾ ਵਲੋਂ ਅਗਲੇ 10 ਵਰਿ੍ਹਆਂ ਦੌਰਾਨ ਭਾਰਤ ਨੂੰ ਪਰਮਾਣੂ ਬਿਜਲੀ ਖੇਤਰ ਦੇ ਪਸਾਰੇ ਲਈ 2.6 ਅਰਬ ਡਾਲਰਾਂ ਦੀ ਕੀਮਤ ਵਾਲਾ ਕੱਚਾ ਯੂਰੇਨੀਅਮ ਸਪਲਾਈ ਕਰਨ ਵਾਸਤੇ ਰਾਜ਼ੀ ਹੋਣਾ ਵੀ ਦੁਵੱਲੇ ਸਬੰਧਾਂ ਦੇ ਸੁਧਾਰ ਦਾ ਪ੍ਰਤੀਕ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਦੀ ਚਾਰ-ਰੋਜ਼ਾ ਭਾਰਤ ਫੇਰੀ ਦਿੱਖ, ਦ੍ਰਿਸ਼ਟੀਕੋਣ ਤੇ ਦ੍ਰਿਸ਼ਮਾਨਤਾ ਪੱਖੋਂ ਖ਼ਾਲਸ ਕਾਰੋਬਾਰੀ ਕਿਸਮ ਦੀ ਰਹੀ। ਮਾਰਕ ਕਾਰਨੀ ਮੂਲ ਰੂਪ ਵਿਚ ਸਿਆਸਤਦਾਨ ਘੱਟ ਅਤੇ ਅਰਥ-ਸ਼ਾਸਤਰੀ ਤੇ ਟੈਕਨੋਕਰੈਟ ਵੱਧ ਹਨ। ਉਨ੍ਹਾਂ ਨੇ ਅਪਣੀ ਫੇਰੀ ਨੂੰ ਕਾਰੋਬਾਰੀ ਪਟੜੀ ਤੋਂ ਥਿੜਕਣ ਨਹੀਂ ਦਿਤਾ। ਅਪਣੇ ਤੋਂ ਪਹਿਲਾਂ ਵਾਲੇ ਕੈਨੇਡੀਅਨ ਪ੍ਰਧਾਨ ਮੰਤਰੀਆਂ ਵਾਂਗ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਦਰਸ਼ਨਾਂ ਲਈ ਜਾਣ, ਪੰਜਾਬ ਦੇ ਖੇਤਾਂ ਵਿਚ ਭੰਗੜਾ ਪਾਉਣ ਜਾਂ ਅਜਿਹੇ ਹੋਰ ਨੁਮਾਇਸ਼ੀ ਕਦਮਾਂ ਵਿਚ ਹਿੱਸਾ ਲੈਣ ਦੀ ਥਾਂ ਉਨ੍ਹਾਂ ਨੇ ਮੁੰਬਈ ਵਿਚ ਨਾਮਵਰ ਸਨਅਤੀ ਉੱਦਮੀਆਂ ਤੇ ਭਾਰਤੀ ਵਿੱਤੀ ਸੰਸਥਾਵਾਂ ਦੇ ਮੁਖੀਆਂ ਨੂੰ ਮਿਲਣ, ਕੁਝ ਵੱਡੇ ਸਨਅਤੀ ਅਦਾਰਿਆਂ ਦਾ ਦੌਰਾ ਕਰਨ ਅਤੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ ਲੰਮੇਰੀਆਂ ਮੁਲਾਕਾਤਾਂ ਨੂੰ ਤਰਜੀਹ ਦਿਤੀ। ਭਾਵੇਂ ਉਨ੍ਹਾਂ ਦੀ ਫੇਰੀ ਉੱਪਰ ਇਰਾਨ ਉੱਤੇ ਅਮਰੀਕੀ-ਇਜ਼ਰਾਇਲੀ ਹਮਲੇ ਦਾ ਪਰਛਾਵਾਂ ਹਾਵੀ ਰਿਹਾ, ਫਿਰ ਵੀ ਦੋਵਾਂ ਨੇਤਾਵਾਂ ਨੇ ਉਸ ਪਰਛਾਵੇਂ ਤੋਂ ਉਪਜੀਆਂ ਚਿੰਤਾਵਾਂ ਨੂੰ ਆਪਸੀ ਵਾਰਤਾਲਾਪ ਦਾ ਏਜੰਡਾ ਨਹੀਂ ਬਣਨ ਦਿਤਾ। ਸ੍ਰੀ ਕਾਰਨੀ ਵਲੋਂ ਪੰਜਾਬ ਦੀ ਯਾਤਰਾ ਉੱਤੇ ਨਾ ਆਉਣ ਜਾਂ ਸ੍ਰੀ ਦਰਬਾਰ ਸਾਹਿਬ ਦੇ ਦੀਦਾਰ ਨਾ ਕਰਨ ਤੋਂ ਕੈਨੇਡਾ ਵਿਚ ਵੱਸੇ ਪੰਜਾਬੀ ਭਾਈਚਾਰੇ ਨੂੰ ਮਾਯੂਸੀ ਹੋਣੀ ਸੁਭਾਵਿਕ ਹੈ। ਖ਼ਾਲਿਸਤਾਨ-ਸਮਰਥਕ ਅਨਸਰਾਂ ਦੀਆਂ ਮੰਗਾਂ ਬਾਰੇ ਉਨ੍ਹਾਂ ਦੀ ਖ਼ਾਮੋਸ਼ੀ ਵੀ ਕੈਨੇਡੀਅਨ ਪੰਜਾਬੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰ ਉਨ੍ਹਾਂ ਨੇ ਸਮੁੱਚੇ ਤੌਰ ’ਤੇ ਅਜਿਹਾ ਕੁਝ ਵੀ ਨਹੀਂ ਕੀਤਾ, ਜੋ ਕੈਨੇਡਾ ਦੀ ਘਰੇਲੂ ਰਾਜਨੀਤੀ ਤੋਂ ਪ੍ਰੇਰਿਤ ਹੋਵੇ ਜਾਂ ਭਾਰਤੀ ਸੰਵੇਦਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੋਵੇ। ਕੈਨੇਡਾ ਵਿਚ ਸਿੱਖ ਵਸੋਂ 7.70 ਲੱਖ ਤੋਂ ਵੱਧ ਹੈ। ਇਹ ਵਸੋਂ ਕੁਲ ਕੌਮੀ ਆਬਾਦੀ ਦਾ 2.1 ਫ਼ੀ ਸਦੀ ਬਣਦੀ ਹੈ। ਹਾਲਾਂਕਿ ਚੀਨੀ ਮੂਲ ਦੇ ਲੋਕਾਂ ਦੀ ਗਿਣਤੀ (4.1 ਫ਼ੀਸਦ) ਪੰਜਾਬੀਆਂ ਜਾਂ ਭਾਰਤੀਆਂ ਦੀ ਸੰਖਿਆ (3.7 ਫ਼ੀਸਦ) ਤੋਂ ਵੱਧ ਹੈ, ਫਿਰ ਵੀ ਪੰਜਾਬੀ ਭਾਈਚਾਰਾ ਅਪਣੀਆਂ ਬਿਹਤਰ ਸਿਆਸੀ ਤੇ ਸਮਾਜਿਕ ਸਰਗਰਮੀਆਂ ਸਦਕਾ ਕੈਨੇਡੀਅਨ ਸਿਆਸਤ ਵਿਚ ਅਹਿਮ ਮੁਕਾਮ ਬਣਾ ਚੁੱਕਾ ਹੈ। ਉਸ ਦੇ ਇਸ ਕਿਸਮ ਦੇ ਪ੍ਰੋਫਾਈਲ ਦਾ ਲਾਭ ਪਿਛਲੇ ਚਾਰ ਦਸ਼ਕਾਂ ਤੋਂ ਖ਼ਾਲਿਸਤਾਨੀ ਅਨਸਰ ਲੈਂਦੇ ਆਏ ਸਨ। ਉਨ੍ਹਾਂ ਦੀਆਂ ਭਾਰਤ-ਵਿਰੋਧੀ ਸਰਗਰਮੀਆਂ ਅਤੇ ਇਨ੍ਹਾਂ ਸਰਗਰਮੀਆਂ ਨੂੰ ਬੇਲੋੜਾ ਮਹੱਤਵ ਦੇਣ ਦੀ ਕੈਨੇਡੀਅਨ ਸਿਆਸਤਦਾਨਾਂ ਦੀ ਪਹੁੰਚ ਨੇ ਹੀ ਭਾਰਤ-ਕੈਨੇਡਾ ਸਬੰਧਾਂ ਨੂੰ ਰਸਾਤਲ ’ਤੇ ਲਿਆ ਖੜਾ ਕੀਤਾ ਸੀ।
ਹੁਣ ਸ੍ਰੀ ਕਾਰਨੀ ਵਲੋਂ ਅਪਣਾਈ ਪਹੁੰਚ ਨੇ ਜਿੱਥੇ ਭਾਰਤੀ ਸੰਸਿਆਂ ਤੇ ਤੌਖ਼ਲਿਆਂ ਦਾ ਨਿਵਾਰਣ ਕੀਤਾ ਹੈ, ਉੱਥੇ ਦੁਵੱਲੇ ਸਬੰਧਾਂ ਨੂੰ ਵੱਧ ਅਸਲਵਾਦੀ ਵੀ ਬਣਾਇਆ ਹੈ। ਅਪਣੇ ਮੁਲਕ ਵਿਚ ਆਰਥਿਕ ਮਜ਼ਬੂਤੀ ਵਿਕਸਿਤ ਕਰਨੀ ਅਤੇ ਇਸ ਮਜ਼ਬੂਤੀ ਦੇ ਜ਼ਰੀਏ ਦੂਜੇ ਮੁਲਕਾਂ ਨਾਲ ਅਹਿਮ ਕਾਰੋਬਾਰੀ ਭਾਈਵਾਲੀਆਂ ਦਾ ਨਿਰਮਾਣ ਕਰਨਾ ਇਸ ਸਮੇਂ ਆਰਥਿਕ ਵਿਕਾਸ ਦੀ ਮੁੱਖ ਜੁਗਤ ਬਣ ਚੁੱਕਾ ਹੈ। ਦਰਅਸਲ, ਵੱਡੀਆਂ ਵਪਾਰਕ ਭਾਈਵਾਲੀਆਂ ਰਾਹੀਂ ਹੀ ਉਸ ਕਿਸਮ ਦੀ ਆਲਮੀ ਆਰਥਿਕ ਅਸਥਿਰਤਾ ਦਾ ਸਫ਼ਲਤਾਪੂਰਵਕ ਟਾਕਰਾ ਸੰਭਵ ਹੋ ਸਕਦਾ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਸਵਾ ਸਾਲ ਤੋਂ ਪੈਦਾ ਕੀਤੀ ਹੋਈ ਹੈ। ਕੁਲ ਮਿਲਾ ਕੇ, ਮਾਰਕ ਕਾਰਨੀ ਦੀ ਭਾਰਤੀ ਫੇਰੀ ਤੋਂ ਜੋ ਕਾਰੋਬਾਰੀ ਤੇ ਰਣਨੀਤਕ ਸਬੰਧ ਉਪਜੇ ਹਨ, ਉਹ ਮੌਜੂਦਾ ਆਰਥਿਕ ਚੁਣੌਤੀਆਂ ਦਾ ਬਾਮਕਸਦ ਜਵਾਬ ਸਿੱਧੇ ਤੌਰ ’ਤੇ ਸਾਬਤ ਹੋ ਸਕਦੇ ਹਨ। ਇਸੇ ਕਾਰਨ ਇਨ੍ਹਾਂ ਦਾ ਸਵਾਗਤ ਖੁਲ੍ਹੇ ਦਿਲ ਨਾਲ ਹੋਣਾ ਚਾਹੀਦਾ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement