
ਪਾਕਿਸਤਾਨ ਦੀ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਦੀਆਂ 849 ਸੀਟਾਂ 'ਤੇ 11,855 ਉਮੀਦਵਾਰ ਮੈਦਾਨ 'ਚ ਹਨ। ਇਥੇ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ...
ਇਸਲਾਮਾਬਾਦ, ਪਾਕਿਸਤਾਨ ਦੀ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਦੀਆਂ 849 ਸੀਟਾਂ 'ਤੇ 11,855 ਉਮੀਦਵਾਰ ਮੈਦਾਨ 'ਚ ਹਨ। ਇਥੇ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ।ਪਾਕਿਸਤਾਨ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਮੁਤਾਬਕ ਨੈਸ਼ਨਲ ਅਸੈਂਬਲੀ ਦੀਆਂ 272 ਸਧਾਰਨ ਸੀਟਾਂ 'ਤੇ 3459 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਚਾਰ ਸੂਬਾਈ ਅਸੈਂਬਲੀ ਦੀਆਂ 577 ਸਧਾਰਨ ਸੀਟਾਂ 'ਤੇ 8396 ਉਮੀਦਵਾਰ ਮੈਦਾਨ ਵਿਚ ਹਨ।
ਨੈਸ਼ਨਲ ਅਸੈਂਬਲੀ ਲੋਕਤੰਤਰੀ ਤੌਰ 'ਤੇ ਚੁਣੀ ਗਈ ਸੰਸਥਾ ਹੈ, ਜਿਸ 'ਚ ਕੁੱਲ 342 ਮੈਂਬਰ ਹੁੰਦੇ ਹਨ। ਇਨ੍ਹਾਂ 'ਚੋਂ 272 ਸਿੱਧੇ ਚੁਣੇ ਜਾਂਦੇ ਹਨ, ਜਦਕਿ 60 ਸੀਟਾਂ ਔਰਤਾਂ ਲਈ ਅਤੇ 10 ਸੀਟਾਂ ਧਾਰਮਕ ਘੱਟ ਗਿਣਤੀ ਲਈ ਰਾਖਵੀਆਂ ਹਨ। ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ 'ਡਾਨ' ਮੁਤਾਬਕ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਸ ਵਾਰੀ ਦੀਆਂ ਚੋਣਾਂ ਵਿਚ ਸਾਲ 2013 ਦੀਆਂ ਆਮ ਚੋਣਾਂ ਦੇ ਮੁਕਾਬਲੇ ਉਮੀਦਵਾਰਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ।
ਸਾਲ 2013 'ਚ 15,629 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ 4671 ਉਮੀਦਵਾਰ ਨੈਸ਼ਨਲ ਅਸੈਂਬਲੀ ਲਈ ਅਤੇ 10,958 ਉਮੀਦਵਾਰ ਸੂਬਾਈ ਅਸੈਂਬਲੀ ਲਈ ਖੜੇ ਸਨ। ਅਖ਼ਬਾਰ ਮੁਤਾਬਕ ਦਿਲਚਸਪ ਗੱਲ ਇਹ ਹੈ ਕਿ ਇਸ ਵਾਰੀ ਦੀਆਂ ਆਮ ਚੋਣਾਂ 'ਚ ਉਮੀਦਵਾਰ ਇਕ ਤੋਂ ਜ਼ਿਆਦਾ ਸੀਟਾਂ 'ਤੇ ਚੋਣ ਲੜ ਰਹੇ ਹਨ।
ਅਖ਼ਬਾਰ ਮੁਤਾਬਕ ਇਸ ਵਾਰੀ ਨੈਸ਼ਨਲ ਅਸੈਂਬਲੀ ਦੀਆਂ 272 ਸਧਾਰਨ ਸੀਟਾਂ ਲਈ ਕੁਲ 3459 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ 'ਚੋਂ 1623 ਉਮੀਦਵਾਰ ਪੰਜਾਬ ਤੋਂ, 824 ਸਿੰਧ ਤੋਂ, 725 ਖੈਬਰ ਪਖਤੂਨਖਵਾ ਤੋਂ ਅਤੇ 287 ਉਮੀਦਵਾਰ ਬਲੋਚਿਸਤਾਨ ਤੋਂ ਹਨ। ਚਾਰ ਸੂਬਾਈ ਅਸੈਂਬਲੀ ਦੀਆਂ 577 ਸਧਾਰਨ ਸੀਟਾਂ 'ਤੇ 8396 ਉਮੀਦਵਾਰ ਮੈਦਾਨ 'ਚ ਹਨ। (ਪੀਟੀਆਈ)