
ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਚੋਣ ਕਮੀਸ਼ਨ ਮੁਤਾਬਕ ਇਸ ਵਾਰ ਆਮ ਚੋਣਾਂ 'ਚ 10 ਕਰੋੜ 65 ਲੱਖ ਵੋਟਰ ਮਤਦਾਨ ਕਰਨਗੇ.....
ਇਸਲਾਮਾਬਾਦ : ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਚੋਣ ਕਮੀਸ਼ਨ ਮੁਤਾਬਕ ਇਸ ਵਾਰ ਆਮ ਚੋਣਾਂ 'ਚ 10 ਕਰੋੜ 65 ਲੱਖ ਵੋਟਰ ਮਤਦਾਨ ਕਰਨਗੇ। ਇਹ ਗਿਣਤੀ ਸਾਲ 2013 ਤੋਂ 2 ਕਰੋੜ ਵੱਧ ਹੈ। ਇਸ 'ਚ 5.92 ਕਰੋੜ ਮਰਦ ਅਤੇ 4.67 ਕਰੋੜ ਮਹਿਲਾ ਵੋਟਰ ਹਨ। ਇਸ ਵਾਰ 91 ਲੱਖ ਔਰਤਾਂ ਪਹਿਲੀ ਵਾਰ ਵੋਟਿੰਗ ਕਰਨਗੀਆਂ। 2017 ਚੋਣ ਐਕਟ ਮੁਤਾਬਕ ਇਸ ਵਾਰ ਹਰ ਪਾਰਟੀ ਨੂੰ ਆਮ ਸੀਟਾਂ 'ਤੇ ਵੀ ਘੱਟੋ-ਘੱਟ 5% ਔਰਤਾਂ ਨੂੰ ਟਿਕਟ ਦੇਣਾ ਲਾਜ਼ਮੀ ਹੈ।
ਨਵੇਂ ਕਾਨੂੰਨ ਮੁਤਾਬਕ ਕਿਸੇ ਵੀ ਸੀਟ 'ਤੇ ਔਰਤਾਂ ਦੀ ਵੋਟਿੰਗ 10 ਫ਼ੀ ਸਦੀ ਤੋਂ ਘੱਟ ਰਹੀ ਹੈ ਤਾਂ ਉਥੇ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ। ਪਾਕਿਸਤਾਨ 'ਚ ਔਰਤਾਂ ਦੀ ਹਾਲਤ ਪਹਿਲਾਂ ਹੀ ਚਿੰਤਾਜਨਕ ਹੈ ਅਤੇ ਬੀਤੀਆਂ ਆਮ ਚੋਣਾਂ ਵਿਚ ਜਿਸ ਤਰ੍ਹਾਂ ਔਰਤਾਂ ਦੀ ਵੋਟਿੰਗ ਪ੍ਰਤੀਸ਼ਤਤਾ ਘੱਟ ਰਹੀ ਸੀ ਉਸ ਨੂੰ ਵੇਖਦਿਆਂ ਹੋਏ ਚੋਣ ਕਮਿਸ਼ਨ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਪਾਕਿਸਤਾਨ ਸੰਸਦ 'ਚ ਕੁਲ 342 ਸੀਟਾਂ ਹਨ। ਇਨ੍ਹਾਂ 'ਚੋਂ 60 ਸੀਟਾਂ ਔਰਤਾਂ ਅਤੇ 10 ਸੀਟਾਂ ਘੱਟਗਿਣਤੀ ਉਮੀਦਵਾਰਾਂ ਲਈ ਰਾਖਵੀਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2013 'ਚ 70 ਔਰਤਾਂ ਪਾਕਿ ਸੰਸਦ 'ਚ ਪਹੁੰਚੀਆਂ ਹਨ। ਪੀ.ਐਮ.ਐਲ.-ਐਨ ਤੋਂ 39 ਅਤੇ ਪੀ.ਪੀ.ਪੀ. ਤੋਂ 13 ਔਰਤਾਂ ਚੁਣੀਆਂ ਗਈਆਂ ਸਨ। ਪਾਕਿਸਤਾਨ 'ਚ ਵੱਡੀਆਂ ਪਾਰਟੀਆਂ ਨੇ ਪਿਛਲੀਆਂ ਚੋਣਾਂ 'ਚ ਔਰਤਾਂ ਲਈ ਰਾਖਵੀਂ ਅਤੇ ਆਮ ਸੀਟਾਂ 'ਤੇ 90 ਫ਼ੀ ਸਦੀ ਟਿਕਟ ਸਿਆਸੀ ਪਰਵਾਰਾਂ ਨਾਲ ਸਬੰਧਤ ਔਰਤਾਂ ਨੂੰ ਦਿਤੀਆਂ ਸਨ। ਇਸ ਵਾਰ 21,482 ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ ਹਨ। ਇਨ੍ਹਾਂ 'ਚ 436 ਔਰਤਾਂ ਹਨ। ਸੱਭ ਤੋਂ ਵੱਧ 231 ਪੰਜਾਬ ਸੂਬੇ ਤੋਂ ਹਨ। ਦੋ ਸਮਲਿੰਗੀ ਵੀ ਹਨ।
ਸਾਲ 2013 'ਚ 28,308 ਉਮੀਦਵਾਰ ਮੈਦਾਨ 'ਚ ਸਨ। ਉਦੋਂ ਪਾਰਟੀਆਂ ਨੇ ਆਮ ਸੀਟਾਂ 'ਤੇ 61 ਔਰਤਾਂ ਨੂੰ ਟਿਕਟਾਂ ਦਿਤੀਆਂ ਹਨ। 74 ਔਰਤਾਂ ਆਜ਼ਾਦ ਉਮੀਦਵਾਰ ਸਨ। ਇੰਟਰ ਪਾਰਲੀਮੈਂਟ ਯੂਨੀਅਨ ਦੀ ਰੀਪੋਰਟ ਮੁਤਾਬਕ ਦੁਨੀਆਂ ਭਰ ਦੇ ਦੇਸ਼ਾਂ 'ਚ ਔਰਤਾਂ ਦੀ ਸੰਸਦ ਅੰਦਰ ਮੌਜੂਦਗੀ ਦੇ ਹਿਸਾਬ ਤੋਂ ਪਾਕਿਸਤਾਨ 199 ਦੇਸ਼ਾਂ 'ਚੋਂ 89ਵੇਂ ਨੰਬਰ 'ਤੇ ਭਾਰਤ ਹੈ। ਉਥੇ ਹੀ ਭਾਰਤ 148ਵੇਂ ਅਤੇ ਅਮਰੀਕਾ 97ਵੇਂ ਨੰਬਰ 'ਤੇ ਹਨ। (ਏਜੰਸੀ)