
ਰੂਸ ਤੋਂ ਤੇਲ ਖ਼ਰੀਦਣ ਨੂੰ ਦਸਿਆ ਯੂਕਰੇਨ ’ਚ ਲੋਕਾਂ ਦੀ ਮੌਤ ਦਾ ਕਾਰਨ
ਨਿਊਯਾਰਕ/ਵਾਸ਼ਿੰਗਟਨ : ਭਾਰਤ ਨੂੰ ਇਕ ਨਵੀਂ ਵਪਾਰ ਧਮਕੀ ਜਾਰੀ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਵੀਂ ਦਿੱਲੀ ਉਤੇ ਅਮਰੀਕੀ ਟੈਰਿਫ ’ਚ ‘ਕਾਫੀ’ ਵਾਧਾ ਕਰਨਗੇ। ਉਨ੍ਹਾਂ ਨੇ ਭਾਰਤ ’ਤੇ ਰੂਸ ਤੋਂ ਤੇਲ ਖ਼ਰੀਦ ਕੇ ਇਸ ਨੂੰ ਅੱਗੇ ਵੱਧ ਕੀਮਤ ’ਤੇ ਵੇਚਣ ਦਾ ਦੋਸ਼ ਵੀ ਲਗਾਇਆ।
ਟਰੰਪ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ’ਚ ਕਿਹਾ, ‘‘ਭਾਰਤ ਨਾ ਸਿਰਫ ਵੱਡੀ ਮਾਤਰਾ ’ਚ ਰੂਸੀ ਤੇਲ ਖਰੀਦ ਰਿਹਾ ਹੈ, ਸਗੋਂ ਉਹ ਖਰੀਦੇ ਗਏ ਜ਼ਿਆਦਾਤਰ ਤੇਲ ਨੂੰ ਖੁੱਲ੍ਹੇ ਬਾਜ਼ਾਰ ’ਚ ਵੱਡੇ ਮੁਨਾਫੇ ਲਈ ਵੇਚ ਵੀ ਰਿਹਾ ਹੈ।’’ ਟਰੰਪ ਨੇ ਅੱਗੇ ਕਿਹਾ, ‘‘ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਰੂਸੀ ਜੰਗ ਮਸ਼ੀਨ ਨਾਲ ਯੂਕਰੇਨ ਵਿਚ ਕਿੰਨੇ ਲੋਕ ਮਾਰੇ ਜਾ ਰਹੇ ਹਨ। ਇਸ ਕਾਰਨ ਮੈਂ ਭਾਰਤ ਵਲੋਂ ਅਮਰੀਕਾ ਨੂੰ ਦਿਤੇ ਜਾਣ ਵਾਲੇ ਟੈਰਿਫ ’ਚ ਕਾਫੀ ਵਾਧਾ ਕਰਾਂਗਾ।’’
ਟਰੰਪ ਨੇ 1 ਅਗੱਸਤ ਨੂੰ ਇਕ ਕਾਰਜਕਾਰੀ ਹੁਕਮ ਉਤੇ ਹਸਤਾਖਰ ਕੀਤੇ ਸਨ, ਜਿਸ ਦਾ ਸਿਰਲੇਖ ‘ਆਪਸੀ ਟੈਰਿਫ ਦਰਾਂ ਨੂੰ ਹੋਰ ਸੋਧਣਾ’ ਸੀ, ਜਿਸ ਵਿਚ ਪੰਜ ਦਰਜਨ ਤੋਂ ਵੱਧ ਦੇਸ਼ਾਂ ਲਈ ਟੈਰਿਫ ਵਧਾ ਦਿਤਾ ਗਿਆ ਸੀ। ਭਾਰਤ ਉਤੇ 25 ਫੀ ਸਦੀ ਟੈਰਿਫ਼ ਲਗਾਇਆ ਗਿਆ ਸੀ। ਹਾਲਾਂਕਿ ਕਾਰਜਕਾਰੀ ਹੁਕਮ ’ਚ ਜੁਰਮਾਨੇ ਦਾ ਜ਼ਿਕਰ ਨਹੀਂ ਕੀਤਾ ਗਿਆ, ਜਿਸ ’ਚ ਟਰੰਪ ਨੇ ਕਿਹਾ ਸੀ ਕਿ ਰੂਸੀ ਫੌਜੀ ਸਾਜ਼ੋ-ਸਾਮਾਨ ਅਤੇ ਊਰਜਾ ਦੀ ਖਰੀਦ ਕਾਰਨ ਭਾਰਤ ਨੂੰ ਭੁਗਤਾਨ ਕਰਨਾ ਪਵੇਗਾ। (ਪੀਟੀਆਈ)