
ਪੁਲਿਸ ਅਨੁਸਾਰ ਹਥਿਆਰਬੰਦ ਅਤੇ ਖ਼ਤਰਨਾਕ ਹੈ ਅਗਵਾਕਾਰ
ਪੁਲਿਸ ਨੇ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਕੀਤੀਆਂ ਜਾਰੀ
ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇੱਕ ਪਰਿਵਾਰ ਸਮੇਤ 4 ਲੋਕਾਂ ਨੂੰ ਅਗਵਾ ਕੀਤੇ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਘਟਨਾ ਬਾਰੇ ਇੱਕ ਬਿਆਨ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਦੱਸਿਆ ਕਿ ਅਗਵਾ ਹੋਏ ਲੋਕਾਂ ਵਿੱਚ ਜਸਦੀਪ ਸਿੰਘ (36), ਜਸਲੀਨ ਕੌਰ (27), ਉਨ੍ਹਾਂ ਦੀ ਬੱਚੀ ਆਰੋਹੀ ਅਤੇ ਅਮਨਦੀਪ ਸਿੰਘ (39) ਸ਼ਾਮਲ ਹਨ ਜੋ ਕੈਲੀਫੋਰਨੀਆ ਵਿੱਚ ਹੀ ਰਹਿੰਦੇ ਹਨ।
ਪੁਲਿਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਚਾਰਾਂ ਨੂੰ ਦੱਖਣੀ ਹਾਈਵੇਅ 59 ਦੇ 800 ਬਲਾਕ ਤੋਂ ਜ਼ਬਰਨ ਅਗਵਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸਗੋਂ ਪੁਲਿਸ ਨੇ ਦੱਸਿਆ ਕਿ ਅਗਵਾਕਾਰ ਹਥਿਆਰਬੰਦ ਅਤੇ ਖ਼ਤਰਨਾਕ ਹੈ। ਫਿਲਹਾਲ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਅਗਵਾਕਾਰ ਵਲੋਂ ਨਾ ਤਾਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਕਤ ਸ਼ੱਕੀ ਵਿਅਕਤੀ ਜਾਂ ਅਗਵਾ ਹੋਏ ਲੋਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ।
ਦੱਸ ਦੇਈਏ ਕਿ ਕਾਉਂਟੀ ਸ਼ੈਰਿਫ ਆਫਿਸ ਦੇ ਅਧਿਕਾਰਿਤ ਸੋਸ਼ਲ ਮੀਡਿਆ ਅਕਾਊਂਟ 'ਤੇ ਇੱਕ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਉਕਤ ਵਿਅਕਤੀ ਨੇ ਫੇਸ ਮਾਸਕ ਲਗਾਇਆ ਹੋਇਆ ਹੈ ਅਤੇ ਸੁਰਮਈ ਰੰਗ ਦੀ ਹੂਡੀ ਪਾਈ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਜੇਕਰ ਕੁਝ ਵੀ ਪਤਾ ਲਗਦਾ ਹੈ ਤਾਂ 9.1.1. 'ਤੇ ਕਾਲ ਕਰ ਕੇ ਜਾਣਕਾਰੀ ਦਿਤੀ ਜਾਵੇ ਅਤੇ ਉਕਤ ਸ਼ੱਕੀ ਵਿਅਕਤੀ ਨਾਲ ਸੰਪਰਕ ਨਾ ਕੀਤਾ ਜਾਵੇ।