
ਰਿਸ਼ਵਤਖੋਰੀ ਮਾਮਲੇ ’ਚ ਪਿਛਲੀ ਸੁਣਵਾਈ 20 ਸਤੰਬਰ ਨੂੰ ਹੋਈ ਸੀ
Jerusalem: ਇਜ਼ਰਾਈਲ-ਹਮਾਸ ਜੰਗ ਕਾਰਨ ਦੋ ਮਹੀਨੇ ਦੇ ਅੰਤਰਾਲ ਤੋਂ ਬਾਅਦ ਯੇਰੂਸ਼ਲਮ ਦੀ ਇਕ ਜ਼ਿਲ੍ਹਾ ਅਦਾਲਤ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਮੁੜ ਸ਼ੁਰੂ ਕਰੇਗੀ। ਹਮਾਸ ਨੇ 7 ਅਕਤੂਬਰ ਨੂੰ ਹਮਲੇ ਸ਼ੁਰੂ ਕੀਤੇ ਸਨ, ਜਿਸ ਤੋਂ ਬਾਅਦ ਇਜ਼ਰਾਈਲ ਗਾਜ਼ਾ ਪੱਟੀ ’ਤੇ ਵੱਡੇ ਪੱਧਰ ’ਤੇ ਹਮਲੇ ਕਰ ਰਿਹਾ ਹੈ।
ਕਥਿਤ ‘ਕੇਸ 4000’ ਜਾਂ ‘ਬੇਜ਼ੇਕ-ਵੱਲਾ’ ਰਿਸ਼ਵਤਖੋਰੀ ਮਾਮਲੇ ਤਹਿਤ ਨੇਤਨਯਾਹੂ ਨੇ ਕਥਿਤ ਤੌਰ ’ਤੇ ਰੈਗੂਲੇਟਰੀ ਕਦਮ ਚੁੱਕੇ, ਜਿਸ ਨਾਲ ‘ਵੱਲਾ’ ਵੈੱਬਸਾਈਟ ’ਤੇ ਮੀਡੀਆ ਕਵਰੇਜ ਦੇ ਬਦਲੇ ਬੇਜ਼ੇਕ ਟੈਲੀਕਮਿਊਨੀਕੇਸ਼ਨਜ਼ ਨੂੰ ਵਿੱਤੀ ਲਾਭ ਹੋਇਆ। ਵੈੱਬਸਾਈਟ ‘ਵੱਲਾ’ ਪਹਿਲਾਂ ਬੇਜ਼ੇਕ ਦੀ ਮਲਕੀਅਤ ਸੀ। ਯੇਰੂਸ਼ਲਮ ਦੀ ਜ਼ਿਲ੍ਹਾ ਅਦਾਲਤ 74 ਸਾਲਾਂ ਦੇ ਨੇਤਨਯਾਹੂ ਦੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਮੰਗਲਵਾਰ ਨੂੰ ਸੁਣਵਾਈ ਮੁੜ ਸ਼ੁਰੂ ਕਰੇਗੀ। ਜੂਨ ’ਚ ਇਸ ਮਾਮਲੇ ਦੇ ਤਿੰਨ ਜੱਜਾਂ ਨੇ ਸਿਫਾਰਸ਼ ਕੀਤੀ ਸੀ ਕਿ ਸਰਕਾਰੀ ਵਕੀਲ ਰਿਸ਼ਵਤਖੋਰੀ ਦੇ ਦੋਸ਼ ਵਾਪਸ ਲੈ ਲਵੇ ਪਰ ਸਰਕਾਰੀ ਵਕੀਲ ਨੇ ਦੋਸ਼ਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਮੁਕੱਦਮਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਸਬੰਧਤ ਲੋਕਾਂ ਦੀ ਗਵਾਹੀ ਸੁਣੀ।
ਰਿਸ਼ਵਤਖੋਰੀ ਮਾਮਲੇ ’ਚ ਪਿਛਲੀ ਸੁਣਵਾਈ 20 ਸਤੰਬਰ ਨੂੰ ਹੋਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਛੁੱਟੀਆਂ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿਤੀ ਸੀ ਪਰ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਅਤੇ ਉਸ ਤੋਂ ਬਾਅਦ ਤਣਾਅ ਵਧਣ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅਦਾਲਤਾਂ ਸਿਰਫ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਕਰ ਰਹੀਆਂ ਸਨ ਅਤੇ ਨੇਤਨਯਾਹੂ ਦੇ ਮਾਮਲੇ ਨੂੰ ਜ਼ਰੂਰੀ ਨਹੀਂ ਮੰਨਿਆ ਗਿਆ। ਪਿਛਲੇ ਹਫ਼ਤੇ ਜਸਟਿਸ ਯਾਰੀਵ ਲੇਵਿਨ ਨੇ ਅਦਾਲਤਾਂ ਨੂੰ ਆਮ ਕੰਮਕਾਜ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿਤੀ ਸੀ। ਨੇਤਨਯਾਹੂ ਨੂੰ ਅਦਾਲਤ ’ਚ ਪੇਸ਼ ਹੋਣ ਤੋਂ ਛੋਟ ਦਿਤੀ ਗਈ ਹੈ ਪਰ ਉਨ੍ਹਾਂ ਨੂੰ ਗਵਾਹੀ ਦੇਣ ਲਈ ਕੁਝ ਮਹੀਨਿਆਂ ’ਚ ਅਦਾਲਤ ’ਚ ਪੇਸ਼ ਹੋਣਾ ਪੈ ਸਕਦਾ ਹੈ। ਪ੍ਰਧਾਨ ਮੰਤਰੀ ’ਤੇ ਧੋਖਾਧੜੀ ਅਤੇ ਵਿਸ਼ਵਾਸਘਾਤ ਦੇ ਦੋਸ਼ ਵੀ ਹਨ।
(For more news apart from Prime Minister Benjamin Netanyahu's corruption case hearing resumes, stay tuned to Rozana Spokesman)