ਘੱਟੋ-ਘੱਟ ਛੇ ਸੰਵਿਧਾਨਕ ਅਦਾਲਤ ਦੇ ਜੱਜਾਂ ਦਾ ਸਮਰਥਨ ਵੀ ਜ਼ਰੂਰੀ ਹੋਵੇਗਾ
ਸਿਓਲ (ਦੱਖਣੀ ਕੋਰੀਆ) : ਦੱਖਣੀ ਕੋਰੀਆ ਦੀਆਂ ਵਿਰੋਧੀ ਪਾਰਟੀਆਂ ਨੇ ਬੁਧਵਾਰ ਨੂੰ ਰਾਸ਼ਟਰਪਤੀ ਯੂਨ ਸੁਕ ਯੇਓਲ ਵਿਰੁਧ ਸੰਸਦ ’ਚ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ। ਥੋੜੇ ਸਮੇਂ ਲਈ ‘ਮਾਰਸ਼ਲ ਲਾਅ’ ਲਗਾਉਣ ਦੇ ਮੁੱਦੇ ’ਤੇ ਰਾਸ਼ਟਰਪਤੀ ਯੂਨ ’ਤੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਦਾ ਦਬਾਅ ਹੈ। ਇਸ ਕਾਨੂੰਨ ਕਾਰਨ ਸੈਨਿਕਾਂ ਨੇ ਸੰਸਦ ਨੂੰ ਘੇਰ ਲਿਆ। ਹਾਲਾਂਕਿ, ਸੰਸਦ ਮੈਂਬਰਾਂ ਨੇ ‘ਮਾਰਸ਼ਲ ਲਾਅ’ ਨੂੰ ਹਟਾਉਣ ਦੇ ਪੱਖ ’ਚ ਵੋਟਿੰਗ ਕੀਤੀ, ਜਿਸ ਤੋਂ ਬਾਅਦ ਯੂਨ ਨੇ ਇਸ ਨੂੰ ਹਟਾਉਣ ਦਾ ਐਲਾਨ ਕੀਤਾ। ਰਾਸ਼ਟਰਪਤੀ ਨੂੰ ਮਹਾਦੋਸ਼ ਦੇ ਪ੍ਰਸਤਾਵ ਲਈ ਸੰਸਦ ਦੇ ਦੋ ਤਿਹਾਈ ਬਹੁਮਤ ਜਾਂ 300 ਵਿਚੋਂ 200 ਮੈਂਬਰਾਂ ਦੀ ਹਮਾਇਤ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਘੱਟੋ-ਘੱਟ ਛੇ ਸੰਵਿਧਾਨਕ ਅਦਾਲਤ ਦੇ ਜੱਜਾਂ ਦਾ ਸਮਰਥਨ ਵੀ ਜ਼ਰੂਰੀ ਹੋਵੇਗਾ।
ਮੁੱਖ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਅਤੇ ਪੰਜ ਛੋਟੀਆਂ ਵਿਰੋਧੀ ਪਾਰਟੀਆਂ ਦੁਆਰਾ ਸਾਂਝੇ ਤੌਰ ’ਤੇ ਪੇਸ਼ ਕੀਤੇ ਗਏ ਪ੍ਰਸਤਾਵ ’ਤੇ ਸ਼ੁਕਰਵਾਰ ਨੂੰ ਵੋਟਿੰਗ ਹੋਣ ਦੀ ਸੰਭਾਵਨਾ ਹੈ। ਯੂਨ ਦੇ ਸੀਨੀਅਰ ਸਲਾਹਕਾਰਾਂ ਅਤੇ ਮੰਤਰੀਆਂ ਨੇ ਸਮੂਹਿਕ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ ਅਤੇ ਰਖਿਆ ਮੰਤਰੀ ਕਿਮ ਯੋਂਗ-ਹਿਊਨ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵੀ ਅਹੁਦਾ ਛੱਡਣ ਲਈ ਕਿਹਾ ਗਿਆ ਹੈ। ਰਾਜਧਾਨੀ ਦੀਆਂ ਸੜਕਾਂ ’ਤੇ ਪੁਲਿਸ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਵਿਖਾਈ ਦਿਤੀ। ਆਮ ਦਿਨਾਂ ਵਾਂਗ ਸੜਕਾਂ ’ਤੇ ਸੈਲਾਨੀਆਂ ਅਤੇ ਵਸਨੀਕਾਂ ਦੀ ਆਮਦ ਵੇਖਣ ਨੂੰ ਮਿਲੀ, ਆਵਾਜਾਈ ਅਤੇ ਉਸਾਰੀ ਦਾ ਕੰਮ ਵੀ ਜਾਰੀ ਰਿਹਾ।
ਯੂਨ ਨੇ ਮੰਗਲਵਾਰ ਰਾਤ ਨੂੰ ਅਚਾਨਕ “ਮਾਰਸ਼ਲ ਲਾਅ’’ ਲਾਗੂ ਕਰ ਦਿਤਾ ਅਤੇ ਵਿਰੋਧੀ ਧਿਰ ਦੇ ਦਬਦਬੇ ਵਾਲੀ ਸੰਸਦ ਵਿਚ ਅਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਸੰਘਰਸ ਕਰਨ ਤੋਂ ਬਾਅਦ “ਰਾਸ਼ਟਰ ਵਿਰੋਧੀ’’ ਤਾਕਤਾਂ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ। ਰਾਸ਼ਟਰਪਤੀ ਵਲੋਂ ਲਗਾਇਆ ਗਿਆ ‘ਮਾਰਸਲ ਲਾਅ’ ਸਿਰਫ ਛੇ ਘੰਟੇ ਹੀ ਲਾਗੂ ਰਿਹਾ ਕਿਉਂਕਿ ‘ਨੈਸ਼ਨਲ ਅਸੈਂਬਲੀ’ (ਦੱਖਣੀ ਕੋਰੀਆ ਦੀ ਸੰਸਦ) ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਰੱਦ ਕਰਨ ਦੇ ਹੱਕ ਵਿਚ ਵੋਟ ਪਾਈ। ‘ਮਾਰਸ਼ਲ ਲਾਅ’ ਹਟਾਉਣ ਦਾ ਫ਼ੈਸਲਾ ਸਵੇਰੇ ਸਾਢੇ ਚਾਰ ਵਜੇ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ, ਜਿਸ ਤੋਂ ਬਾਅਦ ਰਸਮੀ ਐਲਾਨ ਕੀਤਾ ਗਿਆ।
ਉਦਾਰਵਾਦੀ ਵਿਰੋਧੀ ਡੈਮੋਕਰੇਟਿਕ ਪਾਰਟੀ ਕੋਲ 300 ਸੀਟਾਂ ਵਾਲੀ ਸੰਸਦ ਵਿੱਚ ਬਹੁਮਤ ਹੈ। ਪਾਰਟੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਸੰਸਦ ਮੈਂਬਰਾਂ ਨੇ ਯੂਨ ਨੂੰ ਤੁਰਤ ਅਹੁਦਾ ਛੱਡਣ ਲਈ ਕਿਹਾ ਹੈ ਜਾਂ ਉਹ ਉਸ ‘ਤੇ ਮਹਾਦੋਸ ਚਲਾਉਣ ਲਈ ਕਦਮ ਚੁੱਕਣਗੇ। ਡੈਮੋਕਰੇਟਿਕ ਪਾਰਟੀ ਨੇ ਇੱਕ ਬਿਆਨ ਵਿਚ ਕਿਹਾ, “ਰਾਸ਼ਟਰਪਤੀ ਯੂਨ ਸੁਕ ਯੇਓਲ ਦਾ ‘ਮਾਰਸ਼ਲ ਲਾਅ’ ਦਾ ਐਲਾਨ ਸੰਵਿਧਾਨ ਦੀ ਸਪਸ਼ਟ ਉਲੰਘਣਾ ਹੈ।’’ ਇਸ ਨੂੰ ਘੋਸ਼ਿਤ ਕਰਨ ਲਈ ਕੋਈ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ।