ਬੈਰਾਗੀ ਕੋਪਾਲੀਆ ਬਜ਼ਾਰ ਵਿਚ ਆਈਸ ਫੈਕਟਰੀ ਚਲਾਉਂਦਾ ਸੀ ਅਤੇ ‘ਦੈਨਿਕ ਬੀ ਡੀ ਖ਼ਬਰ' ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਸੀ
ਜੈਸੋਰ : ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹੋ ਰਹੇ ਹਿੰਸਕ ਹਮਲਿਆਂ ਦੀ ਲੜੀ ਵਿਚ ਇਕ ਪੱਤਰਕਾਰ ਦਾ ਕਤਲ ਕਰ ਦਿਤਾ ਗਿਆ। ਬੰਗਲਾਦੇਸ਼ ਦੇ ਜੈਸੋਰ ਜ਼ਿਲ੍ਹੇ ਵਿਚ ਸੋਮਵਾਰ ਸ਼ਾਮ 5:45 ਵਜੇ 38 ਸਾਲ ਦੇ ਇਕ ਹਿੰਦੂ ਪੱਤਰਕਾਰ ਅਤੇ ਵਪਾਰੀ ਰਾਣਾ ਪ੍ਰਤਾਪ ਬੈਰਾਗੀ ਦੀ ਅਣਪਛਾਤੇ ਹਥਿਆਰਬੰਦਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਬੈਰਾਗੀ ਕੋਪਾਲੀਆ ਬਜ਼ਾਰ ਵਿਚ ਆਈਸ ਫੈਕਟਰੀ ਚਲਾਉਂਦਾ ਸੀ ਅਤੇ ‘ਦੈਨਿਕ ਬੀ ਡੀ ਖ਼ਬਰ’ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਵੀ ਸੀ। ਤਿੰਨ ਹਮਲਾਵਰ ਮੋਟਰਸਾਈਕਲ ’ਤੇ ਆਏ, ਉਸ ਨੂੰ ਫੈਕਟਰੀ ਤੋਂ ਬਾਹਰ ਬੁਲਾਇਆ ਅਤੇ ਕਲੀਨਿਕ ਦੇ ਨੇੜੇ ਗੋਲੀ ਮਾਰ ਦਿਤੀ। ਪੁਲਿਸ ਨੇ ਦਸਿਆ ਕਿ ਉਸ ਦੇ ਸਿਰ ’ਤੇ ਤਿੰਨ ਗੋਲੀਆਂ ਮਾਰੀ ਗਈਆਂ ਅਤੇ ਫਿਰ ਗਲਾ ਵੀ ਵੱਢ ਦਿਤਾ ਗਿਆ। ਕਤਲ ਦੇ ਕਾਰਨ ਦਾ ਅਜੇ ਤਕ ਪਤਾ ਨਹੀਂ ਲੱਗਾ ਹੈ।
ਬੰਗਲਾਦੇਸ਼ ’ਚ ਵਿਧਵਾ ਹਿੰਦੂ ਔਰਤ ਨਾਲ ਸਮੂਹਕ ਜਬਰ ਜਨਾਹ
ਢਾਕਾ : ਬੰਗਲਾਦੇਸ਼ ’ਚ ਹਿੰਦੂਆਂ ਵਿਰੁਧ ਅਪਰਾਧ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਘਟਨਾ ਜੀਨਾਦਾ ਜ਼ਿਲ੍ਹੇ ਦੇ ਕਾਲੀਗੰਜ ਇਲਾਕੇ ਦਾ ਹੈ ਜਿੱਥੇ 44 ਸਾਲ ਦੀ ਕਥਿਤ ਤੌਰ ’ਤੇ ਇਕ ਵਿਧਵਾ ਹਿੰਦੂ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਸ ਨਾਲ ਦਰਖ਼ਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਪੀੜਤਾ ਨੇ 5 ਜਨਵਰੀ ਨੂੰ ਕਾਲੀਗੰਜ ਪੁਲਿਸ ਸਟੇਸ਼ਨ ਵਿਚ ਚਾਰ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰਵਾਇਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਹਸਨ (45) ਹੈ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਔਰਤ ਦੇ ਵਾਲ ਕੱਟ ਦਿਤੇ ਗਏ ਅਤੇ ਘਟਨਾ ਦਾ ਮੋਬਾਈਲ ਫ਼ੋਨ ਉਤੇ ਵੀਡੀਉ ਬਣਾਇਆ ਗਿਆ। ਸਥਾਨਕ ਲੋਕਾਂ ਅਨੁਸਾਰ ਪੀੜਤਾ ਨੇ ਪਿੰਡ ਵਿਚ ਦੋ ਸਾਲ ਪਹਿਲਾਂ ਮੁਲਜ਼ਮ ਦੇ ਭਰਾ ਤੋਂ ਇਕ ਮਕਾਨ ਖ਼ਰੀਦਿਆ ਸੀ ਉਸ ਵੇਲੇ ਤੋਂ ਸਹੀ ਸ਼ਾਹੀਨ ਉਸ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਸੀ।
