
ਭਾਰਤੀ ਬੈਂਕਾਂ ਤੋਂ ਲਿਆ ਕਰਜ਼ਾ ਬਿਨਾਂ ਮੋੜੇ ਇਥੇ ਆਏ ਉਦਯੋਗਪਤੀ ਵਿਜੇ ਮਾਲਿਆ ਨੂੰ ਭਾਰਤ ਭੇਜਣ ਦੇ ਹੁਕਮ ਦੇ ਦਿਤੇ ਗਏ ਹਨ...
ਲੰਦਨ: ਭਾਰਤੀ ਬੈਂਕਾਂ ਤੋਂ ਲਿਆ ਕਰਜ਼ਾ ਬਿਨਾਂ ਮੋੜੇ ਇਥੇ ਆਏ ਉਦਯੋਗਪਤੀ ਵਿਜੇ ਮਾਲਿਆ ਨੂੰ ਭਾਰਤ ਭੇਜਣ ਦੇ ਹੁਕਮ ਦੇ ਦਿਤੇ ਗਏ ਹਨ। ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਇਹ ਹੁਕਮ ਦਿਤੇ ਹਨ। ਹਵਾਲਗੀ ਸੰਧੀ ਦੀ ਕਵਾਇਦ ਮੁਤਾਬਕ ਚੀਫ਼ ਮੈਜਿਸਟਰੇਟ ਦਾ ਫ਼ੈਸਲਾ ਗ੍ਰਹਿ ਮੰਤਰੀ ਨੂੰ ਭੇਜਿਆ ਗਿਆ ਸੀ ਕਿਉਂਕਿ ਸਿਰਫ਼ ਗ੍ਰਹਿ ਮੰਤਰੀ ਹੀ ਮਾਲਿਆ ਦੀ ਹਵਾਲਗੀ ਦਾ ਹੁਕਮ ਦੇ ਸਕਦਾ ਹੈ। ਮਾਲਿਆ ਇਸ ਸਮੇਂ ਜ਼ਮਾਨਤ 'ਤੇ ਹੈ। ਇਸ ਤੋਂ ਪਹਿਲਾਂ ਬਰਤਾਨੀਆ ਦੀ ਅਦਾਲਤ ਨੇ ਕਿਹਾ ਸੀ ਕਿ ਉਹ ਭਾਰਤ ਸਰਕਾਰ ਵਲੋਂ ਦਿਤੇ ਗਏ ਵੱਖ ਵੱਖ ਭਰੋਸਿਆਂ ਤੋਂ ਸੰਤੁਸ਼ਟ ਹੈ ਜਿਸ ਵਿਚ ਜੇਲ ਦੀ ਕੋਠੜੀ ਦੀ ਵੀਡੀਉ ਸ਼ਾਮਲ ਹੈ।
ਉਚੇਰੀ ਅਦਾਲਤ ਵਿਚ ਅਪੀਲ ਲਈ ਭਗੌੜੇ ਕਾਰੋਬਾਰੀ ਨੂੰ 14 ਦਿਨਾਂ ਦਾ ਸਮਾਂ ਦਿਤਾ ਗਿਆ ਹੈ। ਵਿਜੇ ਮਾਲਿਆ ਨੂੰ ਭਾਰਤ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਉਸ ਵਿਰੁਧ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਇਸ ਤੋਂ ਇਲਾਵਾ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਵੀ ਦੋਸ਼ ਹੈ। ਹੁਣ ਬੰਦ ਹੋ ਚੁੱਕੀ ਕਿੰਗਫ਼ਿਸ਼ਰ ਏਅਰਲਾਈਨਜ਼ ਦੇ 62 ਸਾਲਾ ਮੁਖੀ ਕੋਲ ਉਚੇਰੀ ਅਦਾਲਤ ਵਿਚ ਅਪੀਲ ਕਰਨ ਲਈ 14 ਦਿਨਾਂ ਦਾ ਸਮਾਂ ਹੈ। ਉਹ 2016 ਵਿਚ ਭਾਰਤ ਤੋਂ ਭੱਜ ਗਿਆ ਸੀ। ਬੈਂਕਾਂ ਅਤੇ ਸਰਕਾਰ ਨੇ ਉਸ ਵਿਰੁਧ ਅਦਾਲਤ ਵਿਚ ਲੜਾਈ ਲਈ ਜਿਸ ਦਾ ਨਤੀਜਾ ਹੈ ਕਿ ਯੂਕੇ ਨੇ ਉਸ ਨੂੰ ਭਾਰਤ ਭੇਜਣ ਦੇ ਹੁਕਮ ਦੇ ਦਿਤੇ ਹਨ। ਮਾਲਿਆ ਦਾ ਕਹਿਣਾ ਹੈ ਕਿ ਉਸ ਵਿਰੁਧ ਕੇਸ ਸਿਆਸੀ ਤੌਰ 'ਤੇ ਪ੍ਰੇਰਿਤ ਹੈ ਅਤੇ ਉਸ ਨੇ ਭਾਰਤ ਹਵਾਲਗੀ ਵਿਰੁਧ ਅਪੀਲ ਪਾਈ ਹੋਈ ਹੈ। (ਏਜੰਸੀ)