
ਕਿਹਾ, ਇਕ ਵੱਖਰੀ ਅਤੇ ਵਿਸ਼ੇਸ਼ ਜਾਂਚ ਦਾ ਘੇਰਾ ਕੱਲ੍ਹ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਤਕ ਸੀਮਤ ਨਹੀਂ ਹੈ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ’ਚ ਤਿੰਨ ਭਾਰਤੀਆਂ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਕਿਹਾ ਕਿ ਕੈਨੇਡਾ ਕਾਨੂੰਨ ਦੇ ਸ਼ਾਸਨ ਨਾਲ ਚੱਲਣ ਵਾਲਾ ਦੇਸ਼ ਹੈ ਅਤੇ ਇਕ ਮਜ਼ਬੂਤ ਤੇ ਸੁਤੰਤਰ ਨਿਆਂ ਪ੍ਰਣਾਲੀ ਤੇ ਅਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਬੁਨਿਆਦੀ ਵਚਨਬੱਧਤਾ ਰੱਖਦਾ ਹੈ।
ਕੈਨੇਡਾ ਦੇ ਨਾਗਰਿਕ ਨਿੱਜਰ ਦਾ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਐਡਮਿੰਟਨ ’ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਸ਼ੁਕਰਵਾਰ ਨੂੰ ਕਤਲ ਅਤੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਟੋਰਾਂਟੋ ਵਿਚ ਸਿੱਖ ਹੈਰੀਟੇਜ ਐਂਡ ਕਲਚਰ ਫੈਸਟੀਵਲ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਇਕ ਮਜ਼ਬੂਤ ਅਤੇ ਸੁਤੰਤਰ ਨਿਆਂ ਪ੍ਰਣਾਲੀ ਵਾਲਾ ਦੇਸ਼ ਹੈ ਅਤੇ ਅਪਣੇ ਸਾਰੇ ਨਾਗਰਿਕਾਂ ਦੀ ਰੱਖਿਆ ਲਈ ਬੁਨਿਆਦੀ ਵਚਨਬੱਧਤਾ ਰੱਖਦਾ ਹੈ।’’ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਨੇ ਟਰੂਡੋ ਦੇ ਹਵਾਲੇ ਨਾਲ ਕਿਹਾ, ‘‘ਜਿਵੇਂ ਕਿ (ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ) ਆਰ.ਸੀ.ਐਮ.ਪੀ. ਨੇ ਕਿਹਾ ਹੈ, ਜਾਂਚ ਜਾਰੀ ਹੈ। ਇਕ ਵੱਖਰੀ ਅਤੇ ਵਿਸ਼ੇਸ਼ ਜਾਂਚ ਦਾ ਘੇਰਾ ਕੱਲ੍ਹ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਤਕ ਸੀਮਤ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਵਿਚ ਬਹੁਤ ਸਾਰੇ ਸਿੱਖ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਰ ਕੈਨੇਡੀਅਨ ਨੂੰ ਕੈਨੇਡਾ ’ਚ ਭੇਦਭਾਵ ਅਤੇ ਹਿੰਸਾ ਦੇ ਖਤਰਿਆਂ ਤੋਂ ਸੁਰੱਖਿਅਤ ਅਤੇ ਮੁਕਤ ਰਹਿਣ ਦਾ ਬੁਨਿਆਦੀ ਅਧਿਕਾਰ ਹੈ।’’ ਪਿਛਲੇ ਸਾਲ ਸਤੰਬਰ ਵਿਚ 45 ਸਾਲ ਦੇ ਖਾਲਿਸਤਾਨ ਵੱਖਵਾਦੀ ਨਿੱਝਰ ਦੇ ਕਤਲ ਵਿਚ ਇਕ ਭਾਰਤੀ ਏਜੰਟ ਦੀ ਸੰਭਾਵਤ ਸ਼ਮੂਲੀਅਤ ਦੇ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧ ਗੰਭੀਰ ਤਣਾਅਪੂਰਨ ਹੋ ਗਏ ਸਨ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿਤਾ ਹੈ।
ਭਾਰਤ ਲੰਮੇ ਸਮੇਂ ਤੋਂ ਕੈਨੇਡਾ ਵਿਚ ਸਿੱਖ ਵੱਖਵਾਦੀ ਸਮੂਹਾਂ ਦੀ ਮੌਜੂਦਗੀ ਨੂੰ ਲੈ ਕੇ ਚਿੰਤਤ ਰਿਹਾ ਹੈ। ਭਾਰਤ ਨੇ ਨਿੱਜਰ ਨੂੰ ਅਤਿਵਾਦੀ ਐਲਾਨਿਆ ਹੋਇਆ ਸੀ। ਕਤਲ ਦੇ ਸਬੰਧ ’ਚ ਤਿੰਨ ਪੰਜਾਬੀ ਮੂਲ ਦੇ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਤੋਂ ਬਾਅਦ, ਕੈਨੇਡਾ ਦੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਤਾਲਮੇਲ ਕਰ ਕੇ ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਨੇ ਹੋਰ ਗ੍ਰਿਫਤਾਰੀਆਂ ਦੇ ਸੰਕੇਤ ਦਿਤੇ ਹਨ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ.) ਦੇ ਸਹਾਇਕ ਕਮਿਸ਼ਨਰ ਅਤੇ ਪੈਸੀਫਿਕ ਫੋਰਸਿਜ਼ ਦੇ ਕਮਾਂਡਰ ਡੇਵਿਡ ਟੇਬਾਉਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਅਤੇ ਭਾਰਤੀ ਅਧਿਕਾਰੀਆਂ ਵਿਚਕਾਰ ਕਥਿਤ ਸਬੰਧਾਂ ਬਾਰੇ ਕੋਈ ਟਿਪਣੀ ਨਹੀਂ ਕਰਨਗੇ।
ਪਰ ਉਨ੍ਹਾਂ ਨੇ ਕਿਹਾ ਕਿ ਫੋਰਸ ਭਾਰਤ ਸਰਕਾਰ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਇਸ ਦੌਰਾਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਨਿਚਰਵਾਰ ਨੂੰ ਕਿਹਾ ਕਿ ਨਿੱਜਰ ਦੇ ਕਤਲ ਨੂੰ ਲੈ ਕੇ ਕੈਨੇਡਾ ’ਚ ਜੋ ਕੁੱਝ ਹੋ ਰਿਹਾ ਹੈ, ਉਹ ਮੁੱਖ ਤੌਰ ’ਤੇ ਉਨ੍ਹਾਂ ਦੀ ਅੰਦਰੂਨੀ ਰਾਜਨੀਤੀ ਕਾਰਨ ਹੋ ਰਿਹਾ ਹੈ ਅਤੇ ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਸਮਰਥਕ ਲੋਕਾਂ ਦਾ ਇਕ ਵਰਗ ਕੈਨੇਡਾ ਦੇ ਲੋਕਤੰਤਰ ਦੀ ਵਰਤੋਂ ਲਾਬੀ ਬਣਾਉਣ ਲਈ ਕਰ ਰਿਹਾ ਹੈ ਅਤੇ ਵੋਟ ਬੈਂਕ ਬਣ ਗਿਆ ਹੈ।