
ਰਖਿਆ ਬਜਟ ਵਿਚ ਕਟੌਤੀ ਨਾਲ ਜਿਹੜੀ ਰਾਸ਼ੀ ਬਚੇਗੀ ਉਹ ਦੇਸ਼ ਦੇ ਕਬਾਇਲੀ ਖੇਤਰਾਂ ਅਤੇ ਬਲੋਚਿਸਤਾਨ ਦੇ ਵਿਕਾਸ 'ਤੇ ਖਰਚ ਕੀਤੀ ਜਾਵੇਗੀ : ਇਮਰਾਨ ਖ਼ਾਨ
ਇਸਲਾਮਾਬਾਦ : ਪਾਕਿਸਤਾਨ ਵਿਚ ਮਹਿੰਗਾਈ ਦਰ ਵੱਧਦੀ ਜਾ ਰਹੀ ਹੈ। ਮਾਰਚ ਵਿਚ ਮਹਿੰਗਾਈ ਦਰ ਵੱਧ ਕੇ 9.41 ਫ਼ੀ ਸਦੀ ਹੋ ਗਈ ਜੋ ਨਵੰਬਰ 2013 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਹੁਣ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼ ਦੀ ਅਰਥਵਿਵਸਥਾ ਵਿਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਹਨ। ਇਸ ਸਿਲਸਿਲੇ ਵਿਚ ਇਮਰਾਨ ਹਰੇਕ ਵਿਭਾਗ ਅਤੇ ਮੰਤਰਾਲੇ ਦੇ ਬਜਟ ਵਿਚ ਕਟੌਤੀ ਕਰ ਰਹੇ ਹਨ।
Imran Khan
ਇਮਰਾਨ ਨੇ ਦੇਸ਼ ਦੇ ਰਖਿਆ ਬਜਟ ਵਿਚ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਨੂੰ ਠੀਕ ਕਰਨ ਦੇ ਉਪਾਆਂ 'ਤੇ ਫ਼ੌਜ ਨੇ ਸਹਿਮਤੀ ਜ਼ਾਹਰ ਕੀਤੀ ਹੈ ਅਤੇ ਫ਼ੌਜ ਅਗਲੇ ਵਿੱਤੀ ਸਾਲ ਲਈ ਰਖਿਆ ਬਜਟ ਘੱਟ ਕਰਨ 'ਤੇ ਰਾਜ਼ੀ ਹੋ ਗਈ ਹੈ। ਇਮਰਾਨ ਖਾਨ ਨੇ ਟਵੀਟ ਕਰ ਕੇ ਕਿਹਾ ਕਿ ਰਖਿਆ ਬਜਟ ਵਿਚ ਕਟੌਤੀ ਨਾਲ ਜਿਹੜੀ ਰਾਸ਼ੀ ਬਚੇਗੀ ਉਹ ਦੇਸ਼ ਦੇ ਕਬਾਇਲੀ ਖੇਤਰਾਂ ਅਤੇ ਬਲੋਚਿਸਤਾਨ ਦੇ ਵਿਕਾਸ 'ਤੇ ਖਰਚ ਕੀਤੀ ਜਾਵੇਗੀ।
Pak military to voluntarily cut defence budget
ਇਮਰਾਨ ਨੇ ਕਿਹਾ,''ਗੰਭੀਰ ਆਰਥਿਕ ਚੁਣੌਤੀਆਂ ਨੂੰ ਦੇਖਦਿਆਂ ਰਖਿਆ ਬਜਟ ਵਿਚ ਕਟੌਤੀ ਨੂੰ ਲੈ ਕੇ ਫ਼ੌਜ ਦੀ ਸਵੈ-ਇੱਛਤ ਪਹਿਲ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ।'' ਭਾਵੇਂਕਿ ਇਸ ਦੇ ਥੋੜ੍ਹੀ ਦੇਰ ਬਾਅਦ ਹੀ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਸ, ਮਿਲਟਰੀ ਮੀਡੀਆ ਵਿੰਗ, ਆਈ.ਐੱਸ.ਪੀ.ਆਰ. ਦੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਇਹ ਕਟੌਤੀ ਰਖਿਆ ਅਤੇ ਸੁਰੱਖਿਆ ਦੀ ਕੀਮਤ 'ਤੇ ਨਹੀਂ ਹੋਵੇਗੀ। ਰਖਿਆ ਖੇਤਰ ਵਿਚ ਇਹ ਬਚਤ ਤਿੰਨੇ ਸੈਨਾਵਾਂ ਵਲੋਂ ਅੰਦਰੂਨੀ ਤੌਰ 'ਤੇ ਕੀਤੀ ਜਾਵੇਗੀ।
Pakistan flag
ਮਾਹਰਾਂ ਮੁਤਾਬਕ,''ਪਿਛਲੇ ਸਾਲ ਪਾਕਿਸਤਾਨ ਦੀ ਆਰਥਿਕ ਵਾਧਾ ਦਰ 5.2 ਫ਼ੀ ਸਦੀ ਸੀ ਜੋ ਇਸ ਸਾਲ ਘੱਟ ਕੇ 3.4 ਫ਼ੀ ਸਦੀ ਰਹਿ ਗਈ। ਅਗਲੇ ਸਾਲ ਇਸ ਵਿਚ ਹੋਰ ਗਿਰਾਵਟ ਹੋਣ ਦਾ ਅਨੁਮਾਨ ਹੈ। ਇਹ 2.7 ਫ਼ੀ ਸਦੀ ਤਕ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਫ਼ਰਵਰੀ ਵਿਚ ਪਾਕਿਸਤਾਨੀ ਸਰਕਾਰ ਨੇ ਮੌਜੂਦਾ ਵਿੱਤ ਸਾਲ ਵਿਚ ਦੇਸ਼ ਦੇ ਰਖਿਆ ਬਜਟ ਵਿਚ ਕੋਈ ਕਟੌਤੀ ਨਾ ਕਰਨ ਦਾ ਫ਼ੈਸਲਾ ਲਿਆ ਸੀ।