
ਨਸਲੀ ਰੂਪ ’ਚ ਪ੍ਰੇਰਿਤ ਘਟਨਾ ਤੋਂ ਕੀਤਾ ਇਨਕਾਰ
ਲੰਡਨ: ਬਰਤਾਨੀਆਂ ਦੇ ਇਕ ਸਕੂਲ ਨੇ ਉਸ ਵੀਡੀਓ ਦੀ ਨਿੰਦਾ ਕੀਤੀ ਹੈ, ਜੋ ਪਹਿਲਾਂ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋਇਆ ਸੀ, ਜਿਸ ’ਚ ਇਕ ਸਿੱਖ ਮੁੰਡੇ ਨੂੰ ਦੂਜੇ ਮੁੰਡੇ ਵਲੋਂ ਧੱਕਾ ਦਿੰਦਿਆਂ ਫੜਦਿਆਂ ਅਤੇ ਲੱਤ ਮਾਰਦਿਆਂ ਵਿਖਾਇਆ ਗਿਆ ਸੀ।
ਮੁੰਡੇ ਵੋਲਵਰਹੈਪਟਨ ਦੇ ਗੋਲਡਥੌਰਨ ਪਾਰਕ ’ਚ ਕੋਲਟਨ ਹਿਲਜ਼ ਕਮਿਊਨਿਟੀ ਸਕੂਲ ਦੇ ਵਿਦਿਆਰਥੀ ਸਨ।
ਮੁੰਡਿਆਂ ਦੀ ਉਮਰ ਅਤੇ ਨਾਂ ਦਾ ਜ਼ਿਕਰ ਕੀਤੇ ਬਗ਼ੈਰ, ਸਕੂਲ ਨੇ ਇਸ ਨੂੰ ਇਕ ਆਮ ਘਟਨਾ ਦਸਿਆ ਹੈ ਨਾ ਕਿ ‘ਨਸਲੀ ਰੂਪ ’ਚ ਪ੍ਰੇਰਿਤ’, ਜਿਸ ਨੂੰ ਗੰਭੀਰਤਾ ਨਾਲ ਨਿਪਟਾਇਆ ਗਿਆ ਹੈ।
ਕੋਲਟਨ ਹਿਲਜ਼ ਕਮਿਊਨਿਟੀ ਸਕੂਲ ਦੇ ਕਾਰਜਕਾਰੀ ਮੁੱਖ ਅਧਿਆਪਕ ਐਸ. ਬਲੋਅਰ ਨੇ ਇਕ ਬਿਆਨ ’ਚ ਕਿਹਾ, ‘‘ਸਾਡੇ ਸਕੂਨ ’ਚ ਸਿੱਖ ਬੱਚੇ ਸੁਰਿਖਅਤ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਸ ਬਿਆਨ ਨੂੰ ਸ਼ੁਕਰਵਾਰ (30 ਜੂਨ) ਨੂੰ ਵਾਪਰੀ ਇਕ ਘਟਨਾ ’ਤੇ ਪ੍ਰਤੀਕਿਰਿਆ ਦੇਣ ਲਈ ਪ੍ਰਕਾਸ਼ਿਤ ਕਰ ਰਹੇ ਹਾਂ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ ਤਾਕਿ ਸਾਡੇ ਭਾਈਚਾਰੇ ’ਚ ਸਾਰਿਆਂ ਨੂੰ ਯਕੀਨ ਦਿਵਾਇਆ ਜਾ ਸਕੇ ਕਿ ਇਸ ਨਾਲ ਗੰਭੀਰਤਾ ਨਾਲ ਨਜਿੱਠਿਆ ਗਿਆ ਹੈ।’’
ਸਕੂਲ ਨੇ ਕਿਹਾ ਕਿ ਘਟਨਾ ਬਾਰੇ ਮਾਪਿਆਂ ਵਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ। ਮਾਪਿਆਂ ਨੇ ਕਿਹਾ ਕਿ ਉਸੇ ਸਕੂਲ ਦੇ ਇਕ ਵਿਦਿਆਰਥੀ ਨੇ ਉਨ੍ਹਾਂ ਦੇ ਬੱਚੇ ਦਾ ਪਿੱਛਾ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ।
2021 ਦੀ ਮਰਦਮਸ਼ੁਮਾਰੀ ਅਨੁਸਾਰ ਬ੍ਰਿਟਿਸ਼ ਸਿੱਖਾਂ ਦੀ ਗਿਣਤੀ 520,000 ਤੋਂ ਵੱਧ ਹੈ ਅਤੇ ਇਹ ਇੰਗਲੈਂਡ ਅਤੇ ਵੇਲਜ਼ ਦੀ ਆਬਾਦੀ ਦਾ 0.88 ਫ਼ੀ ਸਦੀ ਹੈ, ਜੋ ਦੇਸ਼ ਦਾ ਚੌਥਾ ਸਭ ਤੋਂ ਵੱਡਾ ਧਾਰਮਕ ਸਮੂਹ ਹੈ।