PM ਸ਼ੇਖ ਹਸੀਨਾ ਦੇ ਭਾਰਤ ਆਉਣ ਦੀ ਸੰਭਾਵਨਾ
Bangladesh Protest Updates : ਬੰਗਲਾਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇੰਨਾ ਹੀ ਨਹੀਂ, ਉਹ ਰਾਜਧਾਨੀ ਢਾਕਾ ਛੱਡ ਕੇ ‘ਸੁਰੱਖਿਅਤ ਥਾਂ’ ਲਈ ਨਿਕਲ ਗਈ ਹੈ। ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਭੈਣ ਵੀ ਢਾਕਾ ਛੱਡ ਗਈ ਹੈ। ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਸੀਨਾ ਫੌਜੀ ਹੈਲੀਕਾਪਟਰ ਰਾਹੀਂ ਭਾਰਤ ਪਹੁੰਚੀ ਹੈ। ਉਸ ਦੇ ਪੱਛਮੀ ਬੰਗਾਲ ਵਿੱਚ ਹੋਣ ਦੀ ਖ਼ਬਰ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਫੌਜ ਮੁਖੀ ਨੇ ਦਿੱਤਾ ਸੀ ਅਲਟੀਮੇਟਮ
ਹਾਲ ਹੀ 'ਚ ਫੌਜ ਮੁਖੀ ਵਕਾਰ-ਉਜ਼-ਜ਼ਮਾਨ ਨੇ ਸ਼ੇਖ ਹਸੀਨਾ ਨੂੰ 45 ਮਿੰਟਾਂ 'ਚ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ ਸੀ। ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇਸ਼ ਛੱਡ ਕੇ ਸੁਰੱਖਿਅਤ ਸਥਾਨ 'ਤੇ ਚਲੀ ਗਈ ਹੈ। ਪ੍ਰਦਰਸ਼ਨਕਾਰੀ ਸ਼ੇਖ ਹਸੀਨਾ ਦੇ ਘਰ 'ਚ ਦਾਖਲ ਹੋ ਗਏ ਸਨ ਅਤੇ ਭੰਨਤੋੜ ਕਰ ਰਹੇ ਸਨ। ਇਸ ਹਿੰਸਾ ਵਿੱਚ ਹੁਣ ਤੱਕ 300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸ਼ੇਖ ਹਸੀਨਾ ਦੇ ਨਾਲ ਉਨ੍ਹਾਂ ਦੀ ਭੈਣ ਵੀ ਢਾਕਾ ਛੱਡ ਕੇ ਜਾ ਚੁੱਕੀ ਹੈ। ਬੰਗਲਾਦੇਸ਼ ਦੀ ਫੌਜ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਉਹ ਸਨਮਾਨਜਨਕ ਢੰਗ ਨਾਲ ਅਸਤੀਫਾ ਦੇਣ ਅਤੇ ਸੱਤਾ ਤੋਂ ਹਟਣ, ਨਹੀਂ ਤਾਂ ਕੋਈ ਹੋਰ ਰਸਤਾ ਅਪਣਾਇਆ ਜਾਵੇਗਾ।
ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ
ਬੰਗਲਾਦੇਸ਼ ਦੀ ਫੌਜ ਵੱਲੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਤੁਰੰਤ ਅਸਤੀਫਾ ਦੇ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਹੁਣ ਤੱਕ ਦੇਸ਼ ਵਿੱਚ ਵਿਆਪਕ ਹਿੰਸਾ ਹੋਈ ਸੀ। ਦੇਸ਼ ਭਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਕਰਫਿਊ ਲਗਾ ਦਿੱਤਾ ਗਿਆ ਸੀ। ਹੁਣ ਪ੍ਰਦਰਸ਼ਨਕਾਰੀ ਜਿੱਤ ਦਾ ਜਸ਼ਨ ਮਨਾ ਰਹੇ ਹਨ।
ਦੂਜੇ ਪਾਸੇ ਢਾਕਾ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ। ਫੌਜ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਥਿਤੀ ਨੂੰ ਕਾਬੂ ਹੇਠ ਲਿਆਵਾਂਗੇ। ਕਰੀਬ 4 ਲੱਖ ਲੋਕ ਸੜਕਾਂ 'ਤੇ ਹਨ। ਰਾਜਧਾਨੀ 'ਚ ਵੱਖ-ਵੱਖ ਥਾਵਾਂ 'ਤੇ ਹਿੰਸਾ ਅਤੇ ਭੰਨਤੋੜ ਹੋ ਰਹੀ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਨਿਵਾਸ ਤੋਂ ਰਵਾਨਾ ਹੋ ਗਈ ਹੈ।